India News

ਬੰਦ ਪਈ ਪੈਨਸ਼ਨ ਮੁੜ ਚਾਲੂ ਕਰਨ ਬਦਲੇ ਮੰਗ ਰਿਹਾ ਸੀ ਰਿਸ਼ਵਤ…

ਚੰਡੀਗੜ੍ਹ
ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ ਤੇ ਆਪਣੇ ਕੰਮ ਨੂੰ ਬਖੂਬੀ ਢੰਗ ਨਾਲ ਨੇਪਰੇ ਚਾੜ੍ਹ ਰਹੀ ਹੈ। ਸ਼ੁੱਕਰਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਵਿਭਾਗ ਨੇ ਲੁਧਿਆਣਾ ਵਿਖੇ ਸਮਾਜਿਕ ਸੁਰੱਖਿਆ ਦਫਤਰ ਦੇ ਇੱਕ ਅਜਿਹੇ ਡਾਟਾ ਐਂਟਰੀ ਆਪਰੇਟਰ ਨੂੰ ਰੰਗੇ ਹੱਥੀਂ ਗ੍ਰਿ਼ਫ਼ਤਾਰ ਕੀਤਾ ਹੈ ਜੋ ਕਿ ਬੰਦ ਪਈ ਪੈਨਸ਼ਨ ਨੂੰ ਮੁੜ ਤੋਂ ਚਾਲੂ ਕਰਨ ਬਦਲੇ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸਰਕਾਰੀ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਸ਼੍ਰੀਮਤੀ ਜ਼ਰੀਨਾ ਵਾਸੀ ਕਬੀਰ ਨਗਰ ਜ਼ਿਲ੍ਹਾ ਲੁਧਿਆਣਾ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਕਿ ਡਾਟਾ ਐਂਟਰੀ ਆਪਰੇਟਰ ਤੇਜਿੰਦਰ ਕੁਮਾਰ ਬੰਦ ਪਈ ਪੈਨਸ਼ਨ ਨੂੰ ਮੁੜ ਤੋਂ ਚਾਲੂ ਕਰਨ ਬਦਲੇ 10,000 ਰੁਪਏ ਰਿਸ਼ਵਤ ਮੰਗ ਰਿਹਾ ਹੈ।
ਇਸ ਸਿ਼ਕਾਇਤ `ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਮਾਮਲੇ ਦੀ ਪੜਚੋਲ ਕਰਨ ਮਗਰੋਂ ਮੁਲਜ਼ਮ ਨੂੰ ਰੰਗੇ ਹੱਥੀ ਫੜਨ ਲਈ ਪੀੜਤ ਰਾਹੀਂ ਸੌਦਾ 5,000 ਰੁਪਏ ਚ ਤੈਅ ਕਰ ਲਿਆ। ਇਸ ਦੌਰਾਨ ਵਿਜੀਲੈਂਸ ਟੀਮ ਨੇ ਦੋ ਗਵਾਹਾਂ ਦੀ ਹਾਜ਼ਰੀ ਚ ਮੁਲਜ਼ਮ ਤੇਜਿੰਦਰ ਕੁਮਾਰ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿ਼ਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।