World

ਭਗੌੜਿਆਂ ਦੇ ਮੁੱਦੇ ‘ਤੇ ਭਾਰਤ, ਬ੍ਰਿਟੇਨ ਵਿਚਾਲੇ ਵਧ ਰਿਹੈ ਸਹਿਯੋਗ: ਭਾਰਤੀ ਰਾਜਦੂਤ

ਲੰਡਨ— ਬ੍ਰਿਟੇਨ ‘ਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਵਾਈ.ਕੇ. ਸਿਨ੍ਹਾ ਦਾ ਮੰਨਣਾ ਹੈ ਕਿ ਉਹ ਆਪਣਾ ਕਾਰਜਕਾਲ ਅਜਿਹੇ ਵੇਲੇ ‘ਚ ਸਮਾਪਤ ਕਰ ਰਹੇ ਹਨ ਜਦੋਂ ਭਾਰਤੀ ਕਾਨੂੰਨ ਪ੍ਰਣਾਲੀ ਤੋਂ ਭੱਜ ਕੇ ਬ੍ਰਿਟੇਨ ‘ਚ ਸ਼ਰਣ ਮੰਗਣ ਵਾਲੇ ਭਗੌੜਿਆਂ ਵਰਗੇ ਵਿਵਾਦਿਤ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਪਹਿਲਾਂ ਨਾਲੋਂ ਜ਼ਿਆਦਾ ਸਹਿਯੋਗ ਵਧਾ ਰਹੀਆਂ ਹਨ।

ਇਸ ਮਹੀਨੇ 37 ਸਾਲ ਦੇ ਹੋਣ ਤੋਂ ਬਾਅਦ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਤੋਂ ਸੇਵਾਮੁਕਤ ਹੋ ਰਹੇ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਇਹ ਉਨ੍ਹਾਂ ਖੇਤਰਾਂ ‘ਚੋਂ ਇਕ ਹੈ, ਜਿਨ੍ਹਾਂ ‘ਚ ਇਹ ਪੁਖਤਾ ਕਰਨ ਦੀ ਦਿਸ਼ਾ ‘ਚ ਬੇਹੱਦ ਸੁਧਾਰ ਹੋਇਆ ਹੈ ਕਿ ਲੋਕ ਭਾਰਤ ਦੇ ਕਾਨੂੰਨ ਤੋਂ ਬਚਣ ਲਈ ਬ੍ਰਿਟੇਨ ‘ਚ ਮਿਲਣ ਵਾਲੀ ਸੁਤੰਤਰਤਾ ਦੀ ਦੁਰਵਰਤੋਂ ਨਾ ਕਰਨ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ, ”ਕਾਨੂੰਨ ਤੋਂ ਭੱਜਣ ਵਾਲੇ ਭਗੌੜਿਆਂ ਵਰਗੇ ਮੁੱਦਿਆਂ ‘ਤੇ ਮੇਰਾ ਮੰਨਣਾ ਹੈ ਕਿ ਸਾਡੀ ਸਥਿਤੀ ਸ਼ਲਾਘਾਯੋਗ ਰਹੀ ਹੈ ਤੇ ਨਿਸ਼ਚਿਤ ਤੌਰ ‘ਤੇ ਸਾਡੀਆਂ ਏਜੰਸੀਆਂ ਤੇ ਸਰਕਾਰਾਂ ਦੇ ਵਿਚਾਲੇ ਪਹਿਲਾਂ ਤੋਂ ਜ਼ਿਆਦਾ ਸਹਿਯੋਗ ਦੇਖਣ ਨੂੰ ਮਿਲਿਆ ਹੈ, ਜੋ ਇਹ ਪੁਖਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਭਾਰਤ ‘ਚ ਕਾਨੂੰਨ ਤੋਂ ਬਚ ਨਿਕਲਣ ਲਈ ਸੁਤੰਤਰਤਾ ਤੇ ਕਾਨੂੰਨ ਪ੍ਰਣਾਲੀ ਦੀ ਦੁਰਵਰਤੋਂ ਨਾ ਕਰਨ।”

ਭਗੌੜਿਆਂ ਦੇ ਕੁਝ ਹਾਈ ਪ੍ਰੋਫਾਈਲ ਮਾਮਲੇ ਲੰਡਨ ‘ਚ ਭਾਰਤੀ ਹਾਈ ਕਮੀਸ਼ਨ ‘ਚ ਉਨ੍ਹਾਂ ਦੇ 23 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਸਾਹਮਣੇ ਆਏ। ਇਸ ‘ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਸੁਣਵਾਈ ਵੀ ਸ਼ਾਮਲ ਹੈ, ਜਿਸ ‘ਤੇ ਕਰੀਬ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਨ੍ਹਾਂ ਨੇ ਅੱਤਵਾਦ ਵਰਗੇ ਮੁੱਦਿਆਂ ‘ਤੇ ਵੀ ਕਰੀਬੀ ਸਹਿਯੋਗ ਦੀ ਗੱਲ ਕਹੀ।