Punjab News

ਭਾਜਪਾ ਗੱਪੀਆਂ ਦੀ ਜਮਾਤ: ਰਾਜੇਵਾਲ

ਚੰਡੀਗੜ੍ਹ/ਨਵੀਂ ਦਿੱਲੀ :ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ’ਚ ਕੀਤੇ ਗਏ ਵਾਧੇ ਨੂੰ ਰੱਦ ਕਰਦਿਆਂ ਕਿਹਾ ਕਿ ਹੁਕਮਰਾਨ ਭਾਜਪਾ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਧੁਰ ਹੇਠਾਂ ਤੱਕ ਸਾਰੇ ਆਗੂ ਅਤੇ ਵਰਕਰ ਸਾਰਾ ਦਿਨ ਦੇਸ਼ ਵਾਸੀਆਂ ਨੂੰ ਝੂਠ ਬੋਲ-ਬੋਲ ਕੇ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸਾਨ ਜਥੇਬੰਦੀਆਂ ਨੇ ਸਰਕਾਰ ਨਾਲ ਹੋਈਆਂ 11 ਮੀਟਿੰਗਾਂ ਵਿੱਚ ਤਿੰਨੋਂ ਕਾਲੇ ਕਾਨੂੰਨਾਂ ਵਿੱਚ ਅਣਗਿਣਤ ਮੱਦਾਂ ਨੂੰ ਕਿਸਾਨ ਅਤੇ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਹੋਣ ਨਾਲ ਖੇਤੀ ਦੇ ਬਰਬਾਦ ਹੋਣ, ਬੇਰੁਜ਼ਗਾਰੀ ਬੇਤਹਾਸ਼ਾ ਵਧਣ ਅਤੇ ਮਹਿੰਗਾਈ ਬੇਲਗਾਮ ਹੋਣ ਦੇ ਖ਼ਦਸ਼ਿਆਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਇਹ ਵੀ ਸਾਬਿਤ ਕੀਤਾ ਹੈ ਕਿ ਖੇਤੀ ਅਤੇ ਇਸ ਦੀਆਂ ਜਿਣਸਾਂ ਦਾ ਮੰਡੀਕਰਨ ਸੰਵਿਧਾਨ ਅਨੁਸਾਰ ਰਾਜਾਂ ਦਾ ਵਿਸ਼ਾ ਹੈ, ਜਿਸ ਨਾਲ ਸਬੰਧਤ ਕੋਈ ਵੀ ਕਾਨੂੰਨ ਬਣਾਉਣਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਇਕ ਬਿਆਨ ’ਚ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਖਾਸ ਕਰਕੇ ਪ੍ਰਧਾਨ ਮੰਤਰੀ ਤੋਂ ਲੋਕ ਸੱਚ ਜਾਨਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਹੋਈਆਂ 11 ਮੀਟਿੰਗਾਂ ਦੀ ਵੀਡੀਓ ਰਿਕਾਰਡਿੰਗ ਜਾਰੀ ਕਰੇ ਤਾਂ ਜੋ ਦੇਸ਼ ਨੂੰ ਪਤਾ ਲੱਗ ਸਕੇ ਕਿ ਕੌਣ ਝੂਠ ਅਤੇ ਕੌਣ ਸੱਚ ਬੋਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਸਰਕਾਰ ਰਾਜ ਹੱਠ ਤੋਂ ਬਾਹਰ ਆ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ ਤਾਂ ਹੀ ਉਹ ਗੱਲਬਾਤ ਲਈ ਤਿਆਰ ਹੋਣਗੇ।

 

ਕੇਂਦਰ ਸਰਕਾਰ ਵੱਲੋਂ ਝੋਨੇ ਅਤੇ ਬਾਕੀ ਫਸਲਾਂ ਦੀ ਐੱਮਐੱਸਪੀ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦਾ ਪੈਦਾਵਾਰੀ ਖਰਚਾ ਕੱਢ ਕੇ 2880 ਰੁਪਏ ਭਾਅ ਮਿੱਥਣ ਦੀ ਸਿਫਾਰਿਸ਼ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਸੁਪਰਫਾਈਨ ਝੋਨੇ ਦਾ ਭਾਅ 1960 ਰੁਪਏ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਅ ਪਿਛਲੇ ਸਾਲ ਦੇ ਖਰਚਿਆਂ ਉੱਤੇ ਆਧਾਰਿਤ ਹੈ। ‘ਪਿਛਲੇ ਇਕ ਮਹੀਨੇ ਵਿੱਚ ਹੀ ਡੀਜ਼ਲ 5 ਰੁਪਏ 76 ਪੈਸੇ ਪ੍ਰਤੀ ਲਿਟਰ ਵਧਿਆ ਹੈ। ਖਾਦਾਂ ਦੇ ਰੇਟ ਵਿੱਚ ਕੀਤੇ ਵਾਧੇ ’ਚੋਂ ਕੇਵਲ ਡੀਏਪੀ ਦੀ ਕੀਮਤ ਵਿੱਚ ਵਾਧਾ ਵਾਪਸ ਲਿਆ ਗਿਆ ਹੈ। ਬਾਕੀ ਦੀਆਂ ਖਾਦਾਂ ਜਿਵੇਂ ਪੋਟਾਸ਼, ਸੁਪਰ ਫਾਸਫ਼ੇਟ, ਐੱਨਪੀਕੇ. ਦੀ ਕੀਮਤ ਵਿੱਚ 43 ਤੋਂ 50 ਪ੍ਰਤੀਸ਼ਤ ਵਾਧਾ ਅਜੇ ਵੀ ਬਰਕਰਾਰ ਹੈ।’ ਸ੍ਰੀ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੀ ਗੁਲਾਮ ਹੈ ਅਤੇ ਉਹ ਜਾਣ-ਬੁੱਝ ਕੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਜਾਣ ਅਤੇ ਫਿਰ ਕਾਰਪੋਰੇਟ ਖੇਤੀ ਲਾਗੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਯੂਪੀ ਅਤੇ ਉੱਤਰਾਖੰਡ ਵਿੱਚੋਂ ਭਾਜਪਾ ਦਾ ਭੋਗ ਪਾਉਣ ਲਈ ਉੱਥੋਂ ਦੇ 85 ਲੋਕ ਸਭਾ ਹਲਕਿਆਂ ਵਿੱਚ ਭਾਜਪਾ ਵਿਰੋਧੀ ਮੁਹਿੰਮ ਸ਼ੁਰੂ ਕਰਨਗੇ।