UK News

ਭਾਰਤੀ ਬ੍ਰਿਟਿਸ਼ ਬਾਲਾਸੁਬਰਮਣਯਨ ਮਿਲੇਨੀਅਮ ਟੇਕ ਪ੍ਰਾਈਜ਼ ਨਾਲ ਸਨਮਾਨਿਤ

ਲੰਡਨ : ਕੈਮਬ੍ਰਿਜ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਬ੍ਰਿਟਿਸ਼ ਰਸਾਇਣਸ਼ਾਸਤਰੀ ਸ਼ੰਕਰ ਬਾਲਾਸੁਬਰਮਣਯਨ ਅਤੇ ਉਹਨਾਂ ਦੇ ਸਾਥੀ ਡੇਵਿਡ ਕਲੇਜ਼ਰਮੈਨ ਨੂੰ ਵਿਗਿਆਨ ਅਤੇ ਤਕਨਾਲੋਜੀ ਖੇਤਰ ਦੇ ਅੰਤਰਰਾਸ਼ਟਰੀ ਪੱਧਰ ‘ਤੇ ਵੱਕਾਰੀ ਪੁਰਸਕਾਰ 2020 ਮਿਲੇਨੀਅਮ ਤਕਨਾਲੋਜੀ ਪ੍ਰਾਈਜ਼ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਨੂੰ ਡੀ.ਐੱਨ.ਏ. ਦਾ ਅਧਿਐਨ ਤੁਰੰਤ, ਸਟੀਕ ਅਤੇ ਕਿਫਾਇਤੀ ਬਣਾਉਣ ਵਿਚ ਮਦਦ ਕਰਨ ਵਾਲੀ ਕ੍ਰਾਂਤੀਕਾਰੀ ਇੰਡੈਕਸਿੰਗ ਤਕਨੀਕ ਵਿਕਸਿਤ ਕਰਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 

 

ਤਕਨਾਲੋਜੀ ਅਕੈਡਮੀ ਫਿਨਲੈਂਡ ਹਰੇਕ ਦੋ ਸਾਲ ਦੇ ਅੰਤਰਾਲ ‘ਤੇ 2004 ਤੋਂ ਇਹ ਪੁਰਸਕਾਰ ਦਿੰਦੀ ਆ ਰਹੀ ਹੈ। ਸਾਲ 2004 ਵਿਚ ਸਰ ਟਿਮ ਬਰਨਰਜ਼-ਲੀ ਨੂੰ ਵਰਲਡ ਵਾਈਡ ਵੈਬ ਦੀ ਖੋਜ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਵਿਚ ਜਨਮੇ ਮੈਡੀਕਲ ਰਸਾਇਣ ਸ਼ਾਸਤਰ ਦੇ ਪ੍ਰੋਫੈਸਰ ਬਾਲਾਸੁਬਰਮਣਯਨ ਅਤੇ ਬ੍ਰਿਟਿਸ਼ ਜੈਵ ਭੌਤਿਕੀ ਰਸਾਇਣ ਸ਼ਾਸਤਰੀ ਕਲੇਜ਼ਰਮੈਨ ਨੇ ਮਿਲ ਕੇ ਸੋਲੈਕਸ-ਇਲੁਨਿਮਾ ਨੈਕਸਟ ਜੈਨਰੇਸ਼ਨ ਡੀ.ਐੱਨ.ਏ. ਸੀਕਵੈਂਸਿੰਗ (ਐੱਨ.ਜੀ.ਐੱਸ.) ਦੀ ਖੋਜ ਕੀਤੀ। ਇਸ ਦੀ ਮਦਦ ਨਾਲ ਕਿਸੇ ਜੀਵ ਦੇ ਪੂਰੇ ਡੀ.ਐੱਨ.ਏ. ਇੰਡੈਕਸਿੰਗ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਤੁਰੰਤ, ਸਟੀਕ ਅਤੇ ਕਿਫਾਇਤੀ ਬਣਾਉਣ ਵਿਚ ਮਦਦ ਮਿਲੀ।

 

ਇਹ ਤਕਨੀਕ ਕੋਰੋਨਾ ਖ਼ਿਲਾਫ਼ ਲੜਾਈ ਵਿਚ ਮਨੁੱਖਤਾ ਲਈ ਅਹਿਮ ਸਾਬਤ ਹੋ ਰਹੀ ਹੈ। ਜੇਤੂ ਵਿਗਿਆਨੀਆਂ ਨੇ ਸੰਯੁਕਤ ਬਿਆਨ ਵਿਚ ਕਿਹਾ,”ਇਹ ਤਕਨਾਲੋਜੀ ਵਿਕਸਿਤ ਕਰਨ ਵਿਚ ਸਾਡੇ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹਿਲੀ ਵਾਰੀ ਤਾਰੀਫ਼ ਕੀਤੀ ਗਈ ਹੈ। ਪਰ ਇਹ ਪੁਰਸਕਾਰ ਸਾਡੇ ਲਈ ਨਹੀਂ ਸਗੋਂ ਪੂਰੀ ਟੀਮ ਲਈ ਹੈ ਜਿਸ ਨੇ ਇਸ ਤਕਨਾਲੋਜੀ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਹ ਪੁਰਸਕਾਰ ਉਹਨਾਂ ਲੋਕਾਂ ਲਈ ਹੈ ਜਿਹਨਾਂ ਨੇ ਸਾਡੀ ਇਸ ਯਾਤਰਾ ਵਿਚ ਸਾਨੂੰ ਪ੍ਰੇਰਿਤ ਕੀਤਾ।