India News

ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ, ਗਲਵਾਨ ਘਾਟੀ ਘਟਨਾ ਲਈ ਚੀਨ ਜ਼ਿੰਮੇਵਾਰ

ਨਵੀਂ ਦਿੱਲੀ/ਬੀਜਿੰਗ – ਭਾਰਤ ਨੇ ਸ਼ੁੱਕਰਵਾਰ ਨੂੰ ਚੀਨ ਦੇ ਨਵੇਂ ਬਿਆਨਾਂ ਨੂੰ ਖਾਰਜ ਕਰ ਦਿੱਤਾ, ਜਿਸ ’ਚ ਉਸ ਨੇ ਗਲਵਾਨ ਘਾਟੀ ’ਚ ਸੰਘਰਸ਼ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਪੂਰਬੀ ਲੱਦਾਖ ’ਚ ਮੌਜੂਦਾ ਸਥਿਤੀ ਬਦਲਣ ਲਈ ਚੀਨੀ ਪੱਖ ਦੇ ਭੜਕਾਊ ਰਵੱਈਏ ਅਤੇ ਇਕ ਪਾਸੜ ਕੋਸ਼ਿਸ਼ਾਂ ਕਾਰਨਾਂ ਪਰਬਤੀ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਰੁਕ ਗਈ। ਚੀਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨੀ ਕਾਰਵਾਈ ਨਾਲ ਦੋ-ਪੱਖੀ ਸੰਬੰਧਾਂ ’ਤੇ ਅਸਰ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਦੀ ਘਟਨਾ ਲਈ ਚੀਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਬੀਜਿੰਗ ’ਚ ਮੁੜ ਤੋਂ ਦਾਅਵਾ ਕੀਤਾ ਕਿ ਗਲਵਾਨ ਘਾਟੀ ’ਚ ਸੰਘਰਸ਼ ਇਸ ਲਈ ਹੋਇਆ, ਕਿਉਂਕਿ ਭਾਰਤ ਨੇ ‘ਚੀਨ ਦੇ ਖੇਤਰ ’ਤੇ ਕਬਜ਼ਾ’ ਕੀਤਾ ਅਤੇ ਸਾਰੇ ਸਮਝੌਤਿਆਂ ਦਾ ਉਲੰਘਣ ਕੀਤਾ। ਚੀਨ ਦੇ ਨਵੇਂ ਬਿਆਨ ’ਤੇ ਬਾਗਚੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ,‘‘ਅਸੀਂ ਇਸ ਤਰ੍ਹਾਂ ਦੇ ਬਿਆਨਾਂ ਨੂੰ ਖਾਰਜ ਕਰਦੇ ਹਾਂ। ਪੂਰਬੀ ਲੱਦਾਖ ’ਚ ਪਿਛਲੇ ਸਾਲ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲ ਹੋਏ ਘਟਨਾਕ੍ਰਮ ’ਤੇ ਸਾਡਾ ਰੁਖ ਸਪੱਸ਼ਟ ਹੈ।’’ ਉਨ੍ਹਾਂ ਕਿਹਾ ਕਿ ਸਾਡੇ ਸਾਰੇ ਦੋ-ਪੱਖੀ ਸਮਝੌਤਿਆਂ ਦੇ ਉਲਟ ਮੌਜੂਦਾ ਸਥਿਤੀ ਬਦਲਣ ਦੇ ਚੀਨੀ ਪੱਖ ਦੀ ਇਕ ਪਾਸੜ ਕੋਸ਼ਿਸ਼ਾਂ ਅਤੇ ਭੜਕਾਊ ਰਵੱਈਏ ਕਾਰਨ ਸ਼ਾਂਤੀ ਅਤੇ ਸਥਿਰਤਾ ’ਚ ਰੁਕਾਵਟ ਆਈ। ਇਸ ਨਾਲ ਦੋ-ਪੱਖੀ ਸੰਬੰਧਾਂ ’ਤੇ ਵੀ ਅਸਰ ਪਿਆ।’’ 

ਗਲਵਾਨ ਘਾਟੀ ’ਚ ਪਿਛਲੇ ਸਾਲ ਜੂਨ ’ਚ ਚੀਨੀ ਫ਼ੌਜੀਆਂ ਨਾਲ ਭਿਆਨਕ ਝੜਪ ’ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜੋ ਦਹਾਕਿਆਂ ਬਾਅਦ ਦੋਹਾਂ ਪੱਖਾਂ ਵਿਚ ਗੰਭੀਰ ਫ਼ੌਜ ਝੜਪ ਸੀ। ਚੀਨ ਨੇ ਫਰਵਰੀ ’ਚ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਸੀ ਕਿ ਭਾਰਤੀ ਫ਼ੌਜ ਨਾਲ ਸੰਘਰਸ਼ ’ਚ ਉਸ ਦੇ 5 ਅਧਿਕਾਰੀ ਮਾਰੇ ਗਏ, ਜਦੋਂ ਕਿ ਮੰਨਿਆ ਜਾਂਦਾ ਹੈ ਕਿ ਮਰਨ ਵਾਲੇ ਚੀਨੀ ਫ਼ੌਜੀਆਂ ਦੀ ਗਿਣਤੀ ਕਾਫ਼ੀ ਵੱਧ ਸੀ। ਬਾਗਚੀ ਨੇ ਕਿਹਾ,‘‘ਇਸ ਮਹੀਨੇ ਦੀ ਸ਼ੁਰੂਆਤ ’ਚ ਚੀਨ ਦੇ ਵਿਦੇਸ਼ਮੰਤਰੀ ਨਾਲ ਭਾਰਤ ਦੇ ਵਿਦੇਸ਼ ਮੰਤਰੀ ਦੀ ਬੈਠਕ ’ਚ ਕਿਹਾ ਗਿਆ ਕਿ ਸਾਨੂੰ ਉਮੀਦ ਹੈ ਕਿ ਚੀਨੀ ਪੱਖ ਦੋ-ਪੱਖੀ ਸਮਝੌਤਿਆਂ ਅਤੇ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਪੂਰਬੀ ਲੱਦਾਖ ’ਚ ਐੱਲ.ਏ.ਸੀ. ’ਤੇ ਬਾਕੀ ਮੁੱਦਿਆਂ ਦੇ ਹੱਲ ਲਈ ਕੰਮ ਕਰੇਗਾ।’’