Punjab News

ਭਾਰਤੀ ਹਾਕੀ ਟੀਮ ‘ਚ ਸ਼ਾਮਲ ਪੰਜਾਬੀ ਖ਼ਿਡਾਰੀਆਂ ਦਾ SGPC ਕਰੇਗੀ ਵਿਸ਼ੇਸ਼ ਸਨਮਾਨ: ਬੀਬੀ ਜਗੀਰ ਕੌਰ

ਟਾਂਡਾ ਉੜਮੁੜ – ਭਾਰਤੀ ਹਾਕੀ ਟੀਮ ਨੇ 41ਸਾਲ ਬਾਅਦ ਟੋਕੀਓ ਓਲੰਪਿਕ ਵਿੱਚ ਮੈਡਲ ਹਾਸਲ ਕਰਕੇ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇ ਹਾਕੀ ਖ਼ਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੇ ਸਾਡੇ ਇਸ ਪ੍ਰਤੀਨਿਧੀ ਨਾਲ ਫੋਨ ‘ਤੇ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਸਮੁੱਚੇ ਦੇਸ਼ ਅਤੇ ਸਮੁੱਚੀ ਭਾਰਤੀ ਹਾਕੀ ਟੀਮ ਅਤੇ ਹਾਕੀ ਖ਼ਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਮਗਾ ਹਾਸਲ ਕਰਨ ਲਈ ਇੰਡੀਆ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੱਲ੍ਹ 06 ਅਗਸਤ ਨੂੰ ਭਾਰਤੀ ਹਾਕੀ ਟੀਮ ਦੇ ਕੀਤੇ ਜਾਣ ਵਾਲੇ ਸਨਮਾਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ ਵਿਖੇ ਹੋ ਰਹੀ ਵਿਸ਼ੇਸ਼ ਮੀਟਿੰਗ ਦੌਰਾਨ ਰੂਪ ਰੇਖਾ ਤਿਆਰ ਕੀਤੀ ਜਾਵੇਗੀ। 

ਉਨ੍ਹਾਂ ਹੋਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਹਾਕੀ ਤੋਂ ਇਲਾਵਾ ਹੋਰਨਾਂ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਜਾਬੀ ਖ਼ਿਡਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਸਨਮਾਨ ਦੇਵੇਗੀ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਬਰਾਊਨ ਮੈਡਲ ਹਾਸਲ ਕੀਤਾ ਹੈ। ਇਸ ਸ਼ਾਨਦਾਰ ਜਿੱਤ ‘ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਹਲਕਾ ਉੜਮੁੜ ਟਾਂਡਾ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ  ਰਸੂਲਪੁਰ,ਜਤਿੰਦਰ ਸਿੰਘ ਲਾਲੀ ਬਾਜਵਾ, ਆਪ ਆਗੂ ਜਸਵੀਰ ਸਿੰਘ ਰਾਜਾ, ਮਨਜੀਤ ਸਿੰਘ ਦਸੂਹਾ  , ਹਰਮੀਤ ਸਿੰਘ ਔਲਖ, ਯੂਥ ਆਗੂ ਸਰਬਜੀਤ ਸਿੰਘ ਮੋਮੀ ਸੁਖਵਿੰਦਰ ਸਿੰਘ ਮੂਨਕਾਂ, ‘ਆਪ’ ਆਗੂ ਕਰਮਵੀਰ ਸਿੰਘ ਘੁੰਮਣ ਕਿਸਾਨ ਆਗੂ ਜੰਗਵੀਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਰੜਾ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।