India News

ਭਾਰਤ-ਚੀਨ ਵਿਚਾਲੇ 17 ਜੁਲਾਈ ਨੂੰ ਹੋਵੇਗੀ 16ਵੇਂ ਦੌਰ ਦੀ ਫ਼ੌਜ ਵਾਰਤਾ

ਨਵੀਂ ਦਿੱਲੀ- ਪੂਰਬੀ ਲੱਦਾਖ ‘ਚ ਸਰਹੱਦ ‘ਤੇ ਮੌਜੂਦ ਗਤੀਰੋਧ ਦੂਰ ਕਰਨ ਲਈ ਭਾਰਤ ਅਤੇ ਚੀਨ ਦਰਮਿਆਨ 16ਵੇਂ ਦੌਰ ਦੀ ਫੌਜ ਵਾਰਤਾ 17 ਜੁਲਾਈ ਨੂੰ ਖੇਤਰ ‘ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਇਸ ਪਾਸੇ (ਭਾਰਤੀ ਖੇਤਰ) ‘ਚ ਹੋਵੇਗੀ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਪੂਰਬੀ ਲੱਦਾਖ ਦੇ ਸਾਰੇ ਵਿਵਾਦ ਵਾਲੇ ਸਥਾਨਾਂ ਤੋਂ ਫ਼ੌਜੀਆਂ ਦੀ ਜਲਦੀ ਵਾਪਸੀ ਲਈ ਜ਼ੋਰ ਦੇ ਰਿਹਾ ਹੈ ਅਤੇ ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ ਸਰਹੱਦ ‘ਤੇ ਸ਼ਾਂਤੀ ਅਤੇ ਸਥਿਰਤਾ ਸਮੁੱਚੇ ਦੁਵੱਲੇ ਸਬੰਧਾਂ ਵਿਚ ਤਰੱਕੀ ਲਈ ਸ਼ਰਤਾਂ ਹਨ। ਇਕ ਸੂਤਰ ਨੇ ਕਿਹਾ,”ਪੂਰਬੀ ਲੱਦਾਖ ਵਿਚ ਐੱਲ.ਏ.ਸੀ. ਤੋਂ ਫ਼ੌਜੀਆਂ ਦੀ ਵਾਪਸੀ ਲਈ ਚੱਲ ਰਹੀ ਗੱਲਬਾਤ ਦੇ ਹਿੱਸੇ ਵਜੋਂ, ਗੱਲਬਾਤ ਦਾ 16ਵਾਂ ਦੌਰ 17 ਜੁਲਾਈ ਨੂੰ ਭਾਰਤੀ ਖੇਤਰ ਵਿੱਚ ਚੁਸ਼ੁਲ-ਮੋਲਡੋ ਮੀਟਿੰਗ ਵਾਲੀ ਥਾਂ ‘ਤੇ ਹੋਵੇਗਾ।” ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਵਿਚਾਲੇ ਆਖਰੀ ਦੌਰ ਦੀ ਗੱਲਬਾਤ 11 ਮਾਰਚ ਨੂੰ ਹੋਈ ਸੀ। ਗੱਲਬਾਤ ਦੇ ਆਗਾਮੀ ਦੌਰ ਵਿਚ, ਭਾਰਤੀ ਪੱਖ ਵਲੋਂ ਡੇਪਸਾਂਗ ਬਲਗੇ ਅਤੇ ਡੇਮਚੋਕ ਵਿਚ ਮੁੱਦਿਆਂ ਦੇ ਨਿਪਟਾਰੇ ਦੀ ਮੰਗ ਦੇ ਨਾਲ ਹੀ ਟਕਰਾਅ ਵਾਲੇ ਬਾਕੀ ਸਾਰੇ ਸਥਾਨਾਂ ਤੋਂ ਜਲਦ ਤੋਂ ਜਲਦ ਫ਼ੌਜੀਆਂ ਨੂੰ ਪਿੱਛੇ ਹਟਾਉਣ ਲਈ ਦਬਾਅ ਬਣਾਏ ਜਾਣ ਦੀ ਉਮੀਦ ਹੈ। 

ਪੂਰਬੀ ਲੱਦਾਖ ਨਾਲ ਜੁੜੇ ਵਿਵਾਦ ਦੇ ਮੁੱਦੇ ‘ਤੇ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਵਿਚਕਾਰ ਬਾਲੀ ਵਿਚ ਹੋਈ ਗੱਲਬਾਤ ‘ਚ ਵੀ ਇਸ ਨੂੰ ਪ੍ਰਮੁੱਖਤਾ ਨਾਲ ਦੇਖਿਆ ਗਿਆ। ਜੀ-20 ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੇ ਮੌਕੇ ‘ਤੇ ਬਾਲੀ ‘ਚ ਇਕ ਘੰਟੇ ਤੱਕ ਚੱਲੀ ਬੈਠਕ ‘ਚ ਜੈਸ਼ੰਕਰ ਨੇ ਵੈਂਗ ਨੂੰ ਪੂਰਬੀ ਲੱਦਾਖ ‘ਚ ਸਾਰੇ ਬਕਾਇਆ ਮੁੱਦਿਆਂ ਦੇ ਛੇਤੀ ਹੱਲ ਦੀ ਜ਼ਰੂਰਤ ਤੋਂ ਜਾਣੂ ਕਰਵਾਇਆ ਸੀ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ,”ਟਕਰਾਅ ਵਾਲੇ ਕੁਝ ਸਥਾਨਾਂ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਦਾ ਜ਼ਿਕਰ ਕਰਦੇ ਹੋਏ, ਵਿਦੇਸ਼ ਮੰਤਰੀ ਨੇ ਸਰਹੱਦੀ ਖੇਤਰਾਂ ‘ਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਬਾਕੀ ਸਾਰੇ ਖੇਤਰਾਂ ਤੋਂ ਫ਼ੌਜੀ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਕਰਨ ‘ਚ ਤੇਜ਼ੀ  ਲਿਆਉਣ ਦੀ ਜ਼ਰੂਰਤ ਨੂੰ ਦੋਹਰਾਇਆ।” ਦੱਸਣਯੋਗ ਹੈ ਕਿ ਪੂਰਬੀ ਲੱਦਾਖ ‘ਚ ਸਰਹੱਦੀ ਗਤੀਰੋਧ 5 ਮਈ 2020 ਨੂੰ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਪੈਂਗੋਂਗ ਝੀਲ ਖੇਤਰ ‘ਚ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਦੋਹਾਂ ਪੱਖਾਂ ਨੇ ਇਸ ਇਲਾਕੇ ‘ਚ ਆਪਣੇ ਫ਼ੌਜੀਆਂ ਅਤੇ ਹਥਿਆਰਾਂ ਦੀ ਤਾਇਨਾਤੀ ਕਾਫ਼ੀ ਵਧਾ ਦਿੱਤੀ ਸੀ। ਕਈ ਦੌਰ ਦੀ ਡਿਪਲੋਮੈਟ ਅਤੇ ਫ਼ੌਜ ਵਾਰਤਾ ਦੇ ਨਤੀਜੇ ਵਜੋਂ ਪਿਛਲੇ ਸਾਲ ਦੋਹਾਂ ਪੱਖਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਅਤੇ ਗੋਗਰਾ ਇਲਾਕੇ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਸੰਵੇਦਨਸ਼ੀਲ ਪਰਬਤੀ ਖੇਤਰ ‘ਚ ਐੱਲ.ਏ.ਸੀ. ‘ਤੇ ਹੁਣ ਵੀ ਦੋਹਾਂ ਪੱਖਾਂ ਦੇ ਕਰੀਬ 50 ਹਜ਼ਾਰ ਤੋਂ 60 ਹਜ਼ਾਰ ਫ਼ੌਜੀ ਤਾਇਨਾਤ ਹਨ।