India News

ਭਾਰਤ ’ਚ ਕੋਰੋਨਾ ਦੇ 38,792 ਨਵੇਂ ਮਾਮਲੇ, 24 ਘੰਟਿਆਂ ’ਚ 624 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ — ਭਾਰਤ ’ਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ ਇਕ ਦਿਨ ਵਿਚ 38,792 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੁੱਲ ਮਾਮਲਿਆਂ ਦੀ ਗਿਣਤੀ 3,09,46,074 ਹੋ ਗਈ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਦੇਸ਼ ’ਚ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ 624 ਮਰੀਜ਼ਾਂ ਦੀ ਮੌਤ ਤੋਂ ਬਾਅਦ ਕੁੱਲ ਮੌਤਾਂ ਦਾ ਅੰਕੜਾ 4,11,408 ਹੋ ਗਿਆ ਹੈ।

 

 

ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 4,29,946 ਹੋ ਗਈ ਹੈ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 1.39 ਫ਼ੀਸਦੀ ਹੈ। ਕੋਵਿਡ-19 ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 97.28 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ 41,000 ਮਰੀਜ਼ ਡਿਸਚਾਰਜ ਹੋਏ ਹਨ, ਜਿਨ੍ਹਾਂ ਤੋਂ ਬਾਅਦ ਕੁੱਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 3,01,04,720 ਹੋ ਗਈ ਹੈ। ਜਦਕਿ ਮੌਤ ਦਰ 1.33 ਫ਼ੀਸਦੀ ਹੈ। ਜੇਕਰ ਕੋਰੋਨਾ ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਕੁੱਲ ਟੀਕਾਕਰਨ 38,76,97,935 ਪਹੁੰਚ ਗਿਆ ਹੈ। ਇਕ ਦਿਨ ’ਚ 37,14,441 ਲੋਕਾਂ ਨੂੰ ਕੋਰੋਨਾ ਖ਼ੁਰਾਕਾਂ ਦਿੱਤੀਆਂ ਗਈਆਂ।

 

ਮੰਤਰਾਲਾ ਨੇ ਦੱਸਿਆ ਕਿ ਮੰਗਲਵਾਰ ਯਾਨੀ ਕਿ ਕੱਲ੍ਹ ਕੋਰੋਨਾ ਦੇ 19,15,501 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਨਾਲ ਦੇਸ਼ ’ਚ ਹੁਣ ਤੱਕ ਵਾਇਰਸ ਦਾ ਪਤਾ ਲਾਉਣ ਲਈ ਜਾਂਚ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 43,59,73,639 ’ਤੇ ਪਹੁੰਚ ਗਈ ਹੈ। ਓਧਰ ਸਿਹਤ ਮੰਤਰਾਲਾ ਨੇ ਪਹਾੜੀ ਇਲਾਕਿਆਂ ਅਤੇ ਬਜ਼ਾਰਾਂ ਵਿਚ ਵੱਧਦੀ ਭੀੜ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੇਸ਼ ਨੂੰ ਚੌਕਸ ਕੀਤਾ ਹੈ।