India News

ਭਾਰਤ ‘ਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ : ਦਲਾਈਲਾਮਾ

ਹੈਦਰਾਬਾਦ– ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਨੇ ਕਿਹਾ ਹੈ ਕਿ ਮੈਂ ਭਾਰਤ ਵਿਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ ਅਤੇ ਕਦੇ ਵੀ ਆਪਣੇ ਮੇਜ਼ਬਾਨ ਦੇਸ਼ ਨੂੰ ਕਿਸੇ ਪ੍ਰੇਸ਼ਾਨੀ ਵਿਚ ਨਹੀਂ ਪਾਵਾਂਗਾ। ਡਾ. ਰੈਡੀਜ਼ ਲੈਬਾਰਟਰੀ ਦੇ ਸਹਿ-ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਜੀਵੀ ਪ੍ਰਸਾਦ ਅਤੇ ਹੋਰਨਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਦਲਾਈਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਤਰਸ ਦੇ ਰਾਹ ’ਤੇ ਚੱਲਣ ਵਾਲਾ ਭਾਰਤ ਦੂਜੇ ਦੇਸ਼ਾਂ ਲਈ ਇਕ ਆਦਰਸ਼ ਹੈ। ਜਿਵੇਂ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਭਾਰਤ ਮੇਰਾ ਘਰ ਹੈ। ਮੇਰਾ ਜਨਮ ਭਾਵੇਂ ਤਿੱਬਤ ਵਿਚ ਹੋਇਆ ਪਰ ਮੇਰੀ ਜ਼ਿੰਦਗੀ ਦਾ ਵਧੇਰੇ ਹਿੱਸਾ ਭਾਰਤ ਵਿਚ ਹੀ ਬੀਤਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਭਾਰਤ ਸਰਕਾਰ ਦਾ ਮਹਿਮਾਨ ਹਾਂ ਅਤੇ ਸ਼ਾਇਦ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ।


ਦਲਾਈਲਾਮਾ ਨੇ ਕਿਹਾ ਕਿ ਭਾਰਤ ਵਿਚ ਧਾਰਮਿਕ ਸਦਭਾਵਨਾ ਬੇਹੱਦ ਵਧੀਆ ਹੈ। ਇਥੋਂ ਦਾ ਮੀਡੀਆ ਆਜ਼ਾਦ ਹੈ। ਭਾਰਤ ਨੂੰ ਇਕ ਧਰਮਨਿਰਪੱਖ ਦੇਸ਼ ਦੱਸਦੇ ਹੋਏ ਤਿੱਬਤ ਦੇ ਧਾਰਮਿਕ ਆਗੂ ਨੇ ਕਿਹਾ ਕਿ ਇਥੇ ਅਹਿੰਸਾ ਦਾ ਪ੍ਰਚਾਰ ਹੁੰਦਾ ਹੈ। ਇਸਦਾ ਭਾਰਤੀਆਂ ਵੱਲੋਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਪਾਲਣ ਕੀਤਾ ਜਾ ਰਿਹਾ ਹੈ। ਸਭ ਦੇਸ਼ਾਂ ਨੂੰ ਭਾਰਤ ਦੀ ਧਾਰਮਿਕ ਸਦਭਾਵਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ।