India News

ਭਾਰਤ ’ਚ ਹਰ ਸਾਲ 7 ਲੱਖ ਤੋਂ ਵੱਧ ਮੌਤਾਂ ਤਾਪਮਾਨ ਦੇ ਵੱਧ-ਘੱਟ ਹੋਣ ਕਾਰਨ ਹੁੰਦੀਆਂ

ਨਵੀਂ ਦਿੱਲੀ– ਭਾਰਤ ’ਚ ਹਰ ਸਾਲ ਮੌਤ ਦੇ ਲਗਭਗ 7,40,000 ਮਾਮਲੇ ਜਲਵਾਯੂ ਤਬਦੀਲੀ ਕਾਰਨ ਵਧੇ ਤਾਪਮਾਨ ਨਾਲ ਜੁੜੇ ਹੋ ਸਕਦੇ ਹਨ। ਲਾਂਸੈਟ ਪਲੇਨੇਟਰੀ ਹੈਲਥ ਪੱਤ੍ਰਿਕਾ ’ਚ ਛਪੇ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।

ਆਸਟ੍ਰੇਲੀਆ ਦੇ ਮੋਨਾਸ ਯੂਨੀਵਰਸਿਟੀ ’ਚ ਖੋਜਕਰਤਾਵਾਂ ਦੇ ਇਕ ਕੌਮਾਂਤਰੀ ਦਲ ਨੇ ਪਤਾ ਲਗਾਇਆ ਹੈ ਕਿ ਹਰ ਸਾਲ ਪੂਰੀ ਦੁਨੀਆ ’ਚ 50 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਤਾਪਮਾਨ ਦੇ ਹੱਦ ਤੋਂ ਵੱਧ ਜਾਂ ਘੱਟ ਹੋਣ ਕਾਰਨ ਹੋਈਆਂ ਹਨ। ਬੁੱਧਵਾਰ ਨੂੰ ਛਪੇ ਅਧਿਐਨ ਅਨੁਸਾਰ 2000 ਤੋਂ 2019 ਵਿਚਾਲੇ ਸਾਰੇ ਖੇਤਰਾਂ ’ਚ ਵੱਧ ਤਾਪਮਾਨ ਕਾਰਨ ਮੌਤਾਂ ਦੇ ਮਾਮਲੇ ਵਧੇ ਹਨ। ਇਸ ਤੋਂ ਸੰਕੇਤ ਮਿਲਦੇ ਹਨ ਕਿ ਜਲਵਾਯੂ ਤਬਦੀਲੀ ਦੇ ਕਾਰਨ ਗਲੋਬਲ ਤਾਪਮਾਨ ਵਧਣ ਨਾਲ ਭਵਿੱਖ ’ਚ ਮੌਤਾਂ ਦੇ ਅੰਕੜੇ ਵੀ ਵਧ ਸਕਦੇ ਹਨ। ਖੋਜਕਰਤਾਵਾਂ ਅਨੁਸਾਰ ਭਾਰਤ ’ਚ ਪ੍ਰਤੀ ਸਾਲ ਅੱਤ ਦੀ ਸਰਦੀ ਕਾਰਨ ਮੌਤਾਂ ਦੇ ਮਾਮਲਿਆਂ ਦੀ ਗਿਣਤੀ 6,55,400 ਰਹਿੰਦੀ ਹੈ, ਉਥੇ ਹੀ ਜ਼ਿਆਦਾ ਤਾਪਮਾਨ ਜਾਂ ਗਰਮੀ ਕਾਰਨ ਮੌਤਾਂ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ 83,700 ਰਹਿੰਦੀ ਹੈ। ਅਧਿਐਨਕਰਤਾਵਾਂ ਨੇ ਪੂਰੀ ਦੁਨੀਆ ’ਚ 2000 ਤੋਂ 2019 ਦੇ ਵਿਚਾਲੇ ਤਾਪਮਾਨ ਤੇ ਉਸ ਨਾਲ ਸਬੰਧਤ ਮੌਤ ਦੇ ਅੰਕੜਿਆਂ ਦਾ ਅਧਿਐਨ ਕੀਤਾ।