World

ਭਾਰਤ ਤੇ ਫਰਾਂਸ ਮਜ਼ਬੂਤ ਵਿਕਾਸ ਹਿੱਸੇਦਾਰੀ ‘ਤੇ ਕਰ ਰਿਹੈ ਕੰਮ : ਸੁਸ਼ਮਾ ਸਵਰਾਜ

ਪੈਰਿਸ /ਨਵੀਂ ਦਿੱਲੀ — ਭਾਰਤ ਤੇ ਫਰਾਂਸ ਵਿਗਿਆਨ ਅਤੇ ਤਕਨਾਲੋਜੀ, ਸਿਹਤਮੰਦ ਊਰਜਾ ਅਤੇ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ਵਿਚ ਇਕ ਮਜ਼ਬੂਤ ਵਿਕਾਸ ਹਿੱਸੇਦਾਰੀ ਲਈ ਕੰਮ ਕਰ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫਰਾਂਸ ਦੀ ਪ੍ਰਮੁੱਖ ਲੀਡਰਸ਼ਿਪ ਦੇ ਨਾਲ ਗੱਲਬਾਤ ਦੇ ਬਾਅਦ ਇਹ ਗੱਲ ਕਹੀ। ਫਰਾਂਸ ਦੀ ਯਾਤਰਾ ‘ਤੇ ਇੱਥੇ ਪਹੁੰਚੀ ਸੁਸ਼ਮਾ ਨੇ ਬੈਠਕ ਵਿਚ ਆਪਸੀ ਹਿੱਤ ਅਤੇ ਰਣਨੀਤਕ ਦ੍ਰਿਸ਼ਟੀ ਨਾਲ ਮਹੱਤਵਪੂਰਣ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਸੁਸ਼ਮਾ ਸਵਰਾਜ ਚਾਰ ਦੇਸ਼ਾਂ ਦੀ ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਕੱਲ ਰੋਮ ਤੋਂ ਇੱਥੇ ਪਹੁੰਚੀ। ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਰਚ ਵਿਚ ਮੈਂਕਰੋ ਦੀ ਭਾਰਤ ਯਾਤਰਾ ਦੌਰਾਨ ਬਣੀ ਸਮਝ ‘ਤੇ ਅੱਗੇ ਚਰਚਾ ਹੋਈ।
ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਸਵਰਾਜ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਵੇਸ ਲੇ ਡ੍ਰਾਇਨ ਨਾਲ ਵੀ ਬੈਠਕ ਕੀਤੀ। ਦੋਹਾਂ ਨੇਤਾਵਾਂ ਨੇ ਵਿਆਪਕ ਮਹੱਤਵ ਦੇ ਦੋ-ਪੱਖੀ ਰਿਸ਼ਤਿਆਂ ‘ਤੇ ਚਰਚਾ ਕੀਤੀ। ਰਵੀਸ਼ ਕੁਮਾਰ ਨੇ ਸੁਸ਼ਮਾ ਦੇ ਹਵਾਲੇ ਨਾਲ ਕਿਹਾ,”ਸਾਡੀ ਵਪਾਰ, ਵਿੱਤ ਅਤੇ ਤਕਨਾਲੋਜੀ ਨੂੰ ਲੈ ਕੇ ਹਿੱਸੇਦਾਰੀ ਸ਼ਾਨਦਾਰ ਵਾਧਾ ਦਰਜ ਕਰ ਰਹੀ ਹੈ। ਬੀਤੇ ਸਾਲ ਦੋ-ਪੱਖੀ ਵਪਾਰ 9.85 ਅਰਬ ਯੂਰੋ ‘ਤੇ ਪਹੁੰਚ ਗਿਆ। ਪਰ ਹਾਲੇ ਸਾਨੂੰ ਇਸ ‘ਤੇ ਕਾਫੀ ਕੁਝ ਕਰਨ ਦੀ ਲੋੜ ਹੈ। ਅਸੀਂ ਸਾਲ 2022 ਤੱਕ ਵਸਤਾਂ ਦੇ 15 ਅਰਬ ਯੂਰੋ ਦੇ ਵਪਾਰ ਦਾ ਟੀਚਾ ਰੱਖਿਆ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਫਰਾਂਸ ਮਿਲ ਕੇ ਇਕ ਮਜ਼ਬੂਤ ਵਿਕਾਸ ਹਿੱਸੇਦਾਰੀ ਨੂੰ ਆਕਾਰ ਦੇਣ ‘ਤੇ ਕੰਮ ਕਰ ਰਹੇ ਹਨ। ਦੋਵੇਂ ਦੇਸ਼ ਸਮਾਰਟ ਸ਼ਹਿਰੀਕਰਨ, ਵਿਗਿਆਨ ਅਤੇ ਤਕਨਾਲੋਜੀ, ਸਿਹਤਮੰਦ ਊਰਜਾ, ਆਵਾਜਾਈ ਅਤੇ ਬੁਨਿਆਦੀ ਢਾਂਚਾ ਖੇਤਰਾਂ ‘ਤੇ ਮਿਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਤੇ ਫਰਾਂਸ ਆਪਣੀ ਰਣਨੀਤਕ ਹਿੱਸੇਦਾਰੀ ਦੀ 20ਵੀਂ ਵਰ੍ਹੇਗੰਢ ਮਨਾ ਰਹੇ ਹਨ।