India News

ਭਾਰਤ-ਨੇਪਾਲ ਦੀ ਦੋਸਤੀ ਹੋਰ ਮਜ਼ੂਬਤ; ਰੇਲਵੇ ਲਾਈਨ ਦੀ ਸ਼ੁਰੂਆਤ, RuPay ਕਾਰਡ ਨੂੰ ਵੀ ਮਨਜ਼ੂਰੀ

ਨਵੀਂ ਦਿੱਲੀ– ਭਾਰਤ ਦੌਰੇ ’ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਊਰਜਾ ਦੇ ਖੇਤਰਾਂ ’ਚ ਸਹਿਯੋਗ ਨੂੰ ਵਿਸਥਾਰ ਦੇਣ ਲਈ 4 ਸਮਝੌਤਿਆਂ ’ਤੇ ਹਸਤਾਖ਼ਰ ਕੀਤੇ, ਜਦਕਿ ਕਈ ਖੇਤਰਾਂ ’ਚ ਵਿਆਪਕ ਸਹਿਯੋਗ ਦੀ ਵਚਨਬੱਧਤਾ ਜਤਾਈ। ਪ੍ਰਧਾਨ ਮੰਤਰੀ ਮੋਦੀ ਅਤੇ ਸ਼ੇਰ ਬਹਾਦੁਰ ਨੇ ਭਾਰਤ ਨੂੰ ਨੇਪਾਲ ਜੋੜਨ ਵਾਲੀ ਰੇਲਵੇ ਲਾਈਨ ਦੀ ਸ਼ੁਰੂਆਤ ਕੀਤੀ ਗਈ। ਇਹ ਰੇਲ ਲਾਈਨ ਭਾਰਤ ਦੇ ਜਯਨਗਰ ਨੂੰ ਨੇਪਾਲ ਦੇ ਜਨਕਪੁਰ ਨਾਲ ਜੋੜੇਗੀ। ਇੰਨਾ ਹੀ ਨਹੀਂ ਭਾਰਤ ਦੀ ਮਸ਼ਹੂਰ ਪੇਮੈਂਟ ਸਰਵਿਸ ਰੁਪੇ (RuPay) ਕਾਰਡ ਹੁਣ ਨੇਪਾਲ ’ਚ ਵੀ ਕੰਮ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕਿਹਾ ਕਿ ਨੇਪਾਲ ’ਚ RuPay ਕਾਰਡ ਦੀ ਸ਼ੁਰੂਆਤ ਸਾਡੇ ਵਿੱਤੀ ਸੰਪਰਕ ’ਚ ਇਕ ਨਵਾਂ ਅਧਿਆਏ ਜੋੜੇਗੀ। 

 

 

ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘ਭਾਰਤ ਅਤੇ ਨੇਪਾਲ ਦੀ ਦੋਸਤੀ, ਸਾਡੇ ਲੋਕਾਂ ਦੇ ਆਪਸੀ ਸਬੰਧ, ਅਜਿਹੀ ਮਿਸਾਲ ਦੁਨੀਆ ’ਚ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦੀ। ਸਾਡੀ ਸੱਭਿਅਤਾ, ਸਾਡਾ ਸੱਭਿਆਚਾਰ, ਸਾਡੇ ਆਦਾਨ-ਪ੍ਰਦਾਨ ਦੇ ਧਾਗੇ, ਪ੍ਰਾਚੀਨ ਕਾਲ ਨਾਲ ਜੁੜੇ ਹੋਏ ਹਨ। ਅਨਾਦਿਕਾਲ ਤੋਂ ਅਸੀਂ ਇਕ-ਦੂਜੇ ਦੇ ਸੁੱਖ-ਦੁੱਖ ਦੇ ਸਾਥੀ ਰਹੇ।’’ ਓਧਰ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਨੇਪਾਲ ਦੇ ਸਬੰਧ ‘ਬਹੁਤ ਹੀ ਮਹੱਤਵਪੂਰਨ’ ਹਨ। 

 

 

ਦੱਸ ਦੇਈਏ ਕਿ ਨੇਪਾਲੀ ਪ੍ਰਧਾਨ ਮੰਤਰੀ ਇਕ ਉੱਚ ਪੱਧਰੀ ਵਫ਼ਦ ਨਾਲ ਸ਼ੁੱਕਰਵਾਰ ਨੂੰ 3 ਦਿਨਾਂ ਯਾਤਰਾ ’ਤੇ ਨਵੀਂ ਦਿੱਲੀ ਪੁੱਜੇ ਸਨ। ਕਾਠਮਾਂਡੂ ’ਚ ਸਿਆਸੀ ਉੱਥਲ-ਪੁਥਲ ਮਗਰੋਂ ਪਿਛਲੇ ਸਾਲ ਜੁਲਾਈ ’ਚ 5ਵੀਂ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਉਬਾ ਦੀ ਇਹ ਪਹਿਲੀ ਦੋ-ਪੱਖੀ ਵਿਦੇਸ਼ ਯਾਤਰਾ ਹੈ।