World

ਭਾਰਤ-ਪਾਕਿ ਸੰਬੰਧਾਂ ‘ਚ ਤਣਾਅ ਦੂਰ ਕਰਨ ਲਈ ਚੀਨ ਖਾਸ ਭੂਮਿਕਾ ਨਿਭਾਉਣ ਲਈ ਤਿਆਰ

ਬੀਜਿੰਗ — ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਤਣਾਅ ਦੂਰ ਕਰਨ ਲਈ ਖਾਸ ਭੂਮਿਕਾ ਨਿਭਾਉਣ ਲਈ ਤਿਆਰ ਹੈ। ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਦੇ ਦੋ-ਪੱਖੀ ਰਿਸ਼ਤਿਆਂ ਨੂੰ ਸੁਧਾਰਨ ਸਬੰਧੀ ਬਿਆਨਾਂ ਦੀ ਵੀ ਪ੍ਰੰਸ਼ਸਾ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਲੁ ਕਾਂਗ ਨੇ ਕਿਹਾ ਕਿ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਸੁਧਾਰ ਅਤੇ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ,”ਅਸੀਂ ਇਸ ਸਬੰਧੀ ਰਿਪੋਰਟਾਂ ਦੇਖੀਆਂ ਹਨ ਅਤੇ ਅਸੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਨੇਤਾ ਵਲੋਂ ਦੋ-ਪੱਖੀ ਰਿਸ਼ਤਿਆਂ ਨੂੰ ਲੈ ਕੇ ਦਿੱਤੇ ਗਏ ਸਕਾਰਾਤਮਕ ਬਿਆਨਾਂ ਦਾ ਸਵਾਗਤ ਕਰਦੇ ਹਾਂ।” ਲੁ ਨੇ ਕਿਹਾ,”ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਦੱਖਣੀ ਏਸ਼ੀਆ ਦੇ ਖਾਸ ਦੇਸ਼ ਹਨ। ਪਾਕਿਸਤਾਨ ਅਤੇ ਭਾਰਤ ਦੇ ਗੁਆਂਢੀ ਦੇ ਰੂਪ ਵਿਚ ਚੀਨ ਦੋਹਾਂ ਪੱਖਾਂ ਨੂੰ ਦ੍ਰਿੜ੍ਹਤਾ ਨਾਲ ਆਪਸੀ ਵਿਸ਼ਵਾਸ ਵਧਾਉਣ, ਉਨ੍ਹਾਂ ਦੇ ਮਤਭੇਦਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਲਈ ਦੋਹਾਂ ਪੱਖਾਂ ਦਾ ਸਮਰਥਨ ਕਰਦਾ ਹੈ। ਚੀਨ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਖੇਤਰੀ ਸ਼ਾਂਤੀ ਅਤੇ ਵਿਕਾਸ ਬਣਾਈ ਰੱਖਣ ਪ੍ਰਤੀ ਵਚਨਬੱਧ ਰਹਿਣਗੇ। ਚੀਨ ਇਸ ਵਿਚ ਖਾਸ ਭੂਮਿਕਾ ਨਿਭਾਉਣ ਲਈ ਤਿਆਰ ਹੈ।”