India News Punjab News

ਭਾਰਤ ਬੰਦ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ

ਨਵੀਂ ਦਿੱਲੀ/ ਚੰਡੀਗੜ੍ਹ/ਕੋਲਕਾਤਾ/ ਬੰਗਲੌਰ, 27 ਸਤੰਬਰ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਕਰਕੇ ਦੇਸ਼ ਦੇ ਕਈ ਹਿੱਸਿਆਂ ਖਾਸ ਕਰਕੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵਿੱਚ ਆਮ ਜਨਜੀਵਨ ਲੀਹੋਂ ਲੱਥ ਗਿਆ। ਵੱਖ ਵੱਖ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸ਼ਾਹਰਾਹਾਂ ਤੇ ਪ੍ਰਮੁੱਖ ਸੜਕਾਂ ਜਾਮ ਕੀਤੀਆਂ। ਕਈ ਥਾਵਾਂ ’ਤੇ ਕਿਸਾਨਾਂ ਨੇ ਰੇਲ ਮਾਰਗਾਂ ਨੂੰ ਵੀ ਰੋਕੀ ਰੱਖਿਆ, ਜਿਸ ਕਰਕੇ ਰੇਲ ਆਵਾਜਾਈ ਵਿੱਚ ਅੜਿੱਕਾ ਪਿਆ। ਬੰਦ ਸਵੇਰੇ ਛੇ ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਪੰਜਾਬ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਵੇਖਣ ਨੂੰ ਮਿਲੀ। ਕਿਸਾਨਾਂ ਦੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਸ਼ਾਹਰਾਹਾਂ ਨੂੰ ਜਾਮ ਕੀਤਾ। ਕਿਸਾਨਾਂ ਤੋਂ ਇਲਾਵਾ ਮੁਲਾਜ਼ਮ ਵਰਗ ਤੇ ਹੋਰ ਲੋਕ ਵੀ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਕੇ ਵੱਖ ਵੱਖ ਥਾਈਂ ਲੱਗੇ ਧਰਨਿਆਂ ਵਿੱਚ ਸ਼ਾਮਲ ਹੋਏ। ਹਰਿਆਣਾ ਵਿੱਚ ਸਿਰਸਾ, ਫਤਿਹਾਬਾਦ ਤੇ ਕੁਰੂਕਸ਼ੇਤਰ ਵਿੱਚ ਵੀ ਕਿਸਾਨਾਂ ਨੇ ਸ਼ਾਹਰਾਹਾਂ ਨੂੰ ਜਾਮ ਕੀਤਾ। ਉੱਤਰ ਭਾਰਤ ਵਿੱਚ ਕਈ ਰੇਲਗੱਡੀਆਂ ਰੱਦ ਹੋਣ ਕਰਕੇ ਜਾਂ ਫਿਰ ਦੇਰੀ ਨਾਲ ਚੱਲਣ ਕਰਕੇ ਤੇ ਸਰਹੱਦਾਂ ’ਤੇ ਆਵਾਜਾਈ ਨੂੰ ਰੋਕਣ ਕਰਕੇ ਵੱਡੇ ਪੱਧਰ ’ਤੇ ਆਵਾਜਾਈ ਠੱਪ ਹੋਣ ਕਰਕੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਆਈਆਂ। ਬੰਦ ਦਾ ਵਧੇਰੇ ਅਸਰ ਗੁੜਗਾਓਂ, ਗਾਜ਼ੀਆਬਾਦ ਤੇ ਨੌਇਡਾ ਸਮੇਤ ਦਿੱਲੀ ਐੱਨਸੀਆਰ ਵਿੱਚ ਵੀ ਨਜ਼ਰ ਆਇਆ।ਇਸ ਦੌਰਾਨ ਕੋਲਕਾਤਾ ਵਿੱਚ ਬੰਦ ਦਾ ਭਰਵਾਂ ਅਸਰ ਨਜ਼ਰ ਆਇਆ। ਖੱਬੇਪੱਖੀ ਜਥੇਬੰਦੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਰੋਸ ਮਾਰਚ ਕੱਢੇ ਤੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਵੀ ਕੰਨੜ ਜਥੇਬੰਦੀ ਦੇ ਕਾਰਕੁਨਾਂ ਨੇ ਭਾਰਤ ਬੰਦ ਦੇ ਮੱਦੇਨਜ਼ਰ ਸੜਕਾਂ ਜਾਮ ਕੀਤੀਆਂ। ਹਾਲਾਂਕਿ ਪੁਲੀਸ ਉਨ੍ਹਾਂ ਨੂੰ ਉਥੋਂ ਜਬਰੀ ਚੁੱਕ ਕੇ ਲੈ ਗਈ। ਗੁਹਾਟੀ ਵਿੱਚ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਾਰਕੁਨਾਂਨੇ ਰੋਸ ਮਾਰਚ ਕੱਢਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ।