India News

ਭਾਰਤ ਵੱਲੋਂ ਅਗਨੀ-5 ਦਾ ਸਫ਼ਲ ਪਰੀਖਣ

ਬਾਲਾਸੋਰ (ਓੜੀਸ਼ਾ)
ਭਾਰਤ ਨੇ ਅੱਜ ਆਪਣੀ ਪ੍ਰਮਾਣੂ ਸਮਰੱਥਾ ਵਾਲੀ ਮਿਸਾਇਲ ਅਗਨੀ-5 ਦਾ ਸਫ਼ਲ ਪਰੀਖਣ ਕੀਤਾ। ਇਹ ਮਿਸਾਇਲ 5,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ। ਇਸ ਨੂੰ ਓੜੀਸ਼ਾ ਸਮੁੰਦਰੀ ਕੰਢੇ ਲਾਗਲੇ ਡਾ. ਅਬਦੁਲ ਕਲਾਮ ਟਾਪੂ ਤੋਂ ਦਾਗਿ਼ਆ ਗਿਆ। ਦੇਸ਼ ਵਿੱਚ ਹੀ ਵਿਕਸਤ ਕੀਤੀ ਗਈ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਇਸ ਮਿਸਾਇਲ ਦਾ ਅੱਜ 7ਵਾਂ ਪਰੀਖਣ ਕੀਤਾ ਗਿਆ ਹੈ। ਅਗਨੀ-5 ਤਿੰਨ-ਪੜਾਵੀ ਮਿਸਾਇਲ ਹੈ, ਜੋ 17 ਮੀਟਰ ਲੰਮੀ, ਦੋ ਮੀਟਰ ਚੌੜੀ ਹੈ ਅਤੇ ਇਹ ਆਪਣੇ ਨਾਲ ਇੱਕ ਵਾਰੀ `ਚ 1.5 ਟਨ ਪ੍ਰਮਾਣੂ ਸਮੱਗਰੀ ਲਿਜਾ ਸਕਦੀ ਹੈ।
ਇਸ ਲੜੀ ਦੀਆਂ ਹੋਰ ਮਿਸਾਇਲਾਂ ਦੇ ਮੁਕਾਬਲੇ ਇਹ ਮਿਸਾਇਲ ਬਹੁਤ ਅਗਾਂਹਵਧੂ ਹੈ। ਨੇਵੀਗੇਸ਼ਨ, ਗਾਈਡੈਂਸ, ਵਾਰਹੈੱਡ ਅਤੇ ਇੰਜਣ ਜਿਹੇ ਮਾਮਲਿਆਂ `ਚ ਇਸ ਦਾ ਕੋਈ ਸਾਨੀ ਨਹੀਂ ਹੈ। ਇਸ ਮਿਸਾਇਲ ਨੂੰ ਅੱਜ ਸੋਮਵਾਰ ਬਾਅਦ ਦੁਪਹਿਰ ਬੰਗਾਲ ਦੀ ਖਾੜੀ `ਚ ਸਥਿਤ ਡਾ. ਅਬਦੁਲ ਕਲਾਮ ਟਾਪੂ `ਤੇ ਇੰਟੈਗਰੇਟਡ ਟੈਸਟ ਰੇਂਜ ਦੇ ਲਾਂਚ ਪੈਡ-4 ਤੋਂ ਮੋਬਾਇਲ ਲਾਂਚਰ ਦੀ ਮਦਦ ਨਾਲ ਇਸ ਨੂੰ ਦਾਗਿ਼ਆ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਯੂਜ਼ਰ ਨਾਲ ਜੁੜਿਆ ਪਰੀਖਣ ਸੀ ਤੇ ਡੀਆਰਡੀਓ ਦੇ ਵਿਗਿਆਨੀ ਕੋਲ ਇਸ ਦੀ ਕਮਾਂਡ ਸੀ।
ਇਹ ਮਿਸਾਇਲ ਸਿੱਧੀ ਆਪਣੇ ਨਿਸ਼ਾਨੇ `ਤੇ ਜਾ ਕੇ ਮਾਰ ਕਰਦੀ ਹੈ। ਇਸ ਨੂੰ ਰਿੰਗ ਲੇਜ਼ਰ ਗਾਇਰੋ-ਆਧਾਰਤ ਅਤੇ ਪੂਰੀ ਤਰ੍ਹਾਂ ਡਿਜੀਟਲ ਕੰਟਰੋਲਡ ਇਨਅਰਸ਼ੀਅਲ ਨੇਵੀਗੇਸ਼ਨ ਸਿਸਟਮ ਦੀ ਮਦਦ ਨਾਲ ਕੰਪਿਊਟਰ ਰਾਹੀਂ ਦਾਗਿ਼ਆ ਜਾਂਦਾ ਹੈ। ਅਗਨੀ-5 ਉੱਚ-ਭਰੋਸੇਯੋਗਤਾ ਵਾਲੀ ਤੇ ਹੰਢਣਯੋਗ ਹੈ। ਇਸ ਨੂੰ ਜਿ਼ਆਦਾ ਮੁਰੰਮਤ ਤੇ ਰੱਖ-ਰਖਾਅ ਦੀ ਲੋੜ ਨਹੀਂ ਪੈਂਦੀ।