India News

ਮਹਾਰਾਸ਼ਟਰ ‘ਚ ਹੜ੍ਹ ਪ੍ਰਭਾਵਿਤ ਲੋਕਾਂ ਲਈ 11,500 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਿਲੀ ਮਨਜ਼ੂਰੀ

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਪਿਛਲੇ ਮਹੀਨੇ ਨੌਂ ਜ਼ਿਲ੍ਹਿਆਂ ਵਿੱਚ ਆਏ ਭਿਆਨਕ ਹੜ੍ਹ ਦੇ ਪੀੜਤਾਂ ਲਈ ਐਮਰਜੈਂਸੀ ਰਾਹਤ, ਮੁਰੰਮਤ ਅਤੇ ਲੰਮੇ ਸਮੇਂ ਦੇ ਮੁੜ ਵਸੇਬੇ ਉਪਰਾਲਿਆਂ ਲਈ 11,500 ਕਰੋੜ ਰੁਪਏ ਦੇ ਬਹੁ-ਉਡੀਕ ਵਾਲੇ ਰਾਹਤ ਪੈਕੇਜ ਦਾ ਐਲਾਨ ਕੀਤਾ। ਰਾਹਤ ਅਤੇ ਮੁੜ ਵਸੇਬਾ ਮੰਤਰੀ ਵਿਜੇ ਵਡੇਟੀਵਾਰ ਨੇ ਕਿਹਾ ਕਿ ਮੁੱਖ ਮੰਤਰੀ ਉੱਧਵ ਠਾਕਰੇ ਦੀ ਪ੍ਰਧਾਨਗੀ ਵਿੱਚ ਡਿਪਟੀ ਸੀ.ਐੱਮ ਅਜੀਤ ਪਵਾਰ ਅਤੇ ਤਿੰਨ ਸਾਥੀਆਂ–ਸ਼ਿਵ ਸੈਨਾ-ਰਾਸ਼ਟਰਵਾਦੀ ਕਾਂਗਰਸ ਪਾਰਟੀ- ਕਾਂਗਰਸ ਦੇ ਮੰਤਰੀਆਂ ਦੀ ਹਾਜ਼ਰੀ ਵਿੱਚ ਇੱਕ ਮਹੱਤਵਪੂਰਣ ਕੈਬਨਿਟ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਤੱਤਕਾਲ ਉਪਾਅ ਦੇ ਰੂਪ ਵਿੱਚ, ਸਰਕਾਰ ਸਾਰੇ ਪ੍ਰਭਾਵਿਤ ਪਰਿਵਾਰਾਂ ਲਈ 10,000 ਰੁਪਏ, ਪੂਰੀ ਤਰ੍ਹਾਂ ਆਪਣਾ ਘਰ ਗੁਆ ਚੁੱਕੇ ਲੋਕਾਂ ਲਈ 1.50 ਲੱਖ ਰੁਪਏ ਪ੍ਰਦਾਨ ਕਰੇਗੀ। ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਰਕਾਰ ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ 50,000 ਰੁਪਏ ਦੇਵੇਗੀ, ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਅਤੇ ਸੜਕ ਕੰਡੇ ਵਿਕਰੇਤਾਵਾਂ ਨੂੰ ਨੁਕਸਾਨ ਲਈ 10,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਹੜ੍ਹ ਵਿੱਚ ਲੱਗਭੱਗ 4 ਲੱਖ ਹੈਕਟੇਅਰ ਖੇਤੀਬਾੜੀ ਭੂਮੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਅਤੇ ਬਾਕੀ 20 ਫ਼ੀਸਦੀ ਪੰਚਨਾਮਾ ਰਿਕਾਰਡ ਕਰਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਹਾਲਾਂਕਿ, ਸਾਰੇ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਪੁਨਰ ਨਿਰਮਾਣ ਵਿੱਚ ਮਦਦ ਕਰਣ ਲਈ ਸਮਰੱਥ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਕੇਂਦਰ ਨੂੰ ਅੱਗੇ ਆਉਣ ਅਤੇ ਵੱਡੇ ਸੰਕਟ ਤੋਂ ਜੂਝ ਰਹੇ ਸੂਬੇ ਦੀ ਮਦਦ ਕਰਣ ਦੀ ਅਪੀਲ ਕੀਤੀ ਹੈ।