Punjab News World

ਮਾਨਵ ਨੇ ਫਿਨਲੈਂਡ ’ਚ ਕੌਂਸਲਰ ਚੋਣ ਜਿੱਤ ਕੇ ਪੰਜਾਬੀਆਂ ਦਾ ਨਾਂ ਕੀਤਾ ਰੋਸ਼ਨ : ਚਰਨਜੀਤ ਫਿਨਲੈਂਡ

ਫਿਨਲੈਂਡ,ਮੋਗਾ – ਫ਼ਿੰਨਲੈਡ ਦੇ ਵਨਤਾ ਸ਼ਹਿਰ ਵਿਚ ਪੰਜਾਬ ਦੇ ਇਤਿਹਾਸਕ ਸ਼ਹਿਰ ਕਰਤਾਰਪੁਰ ਸਾਹਿਬ ਨਾਲ ਸਬੰਧਤ ਨੌਜਵਾਨ ਮਾਨਵ ਫੁੱਲ ਨੇ ਕੌਂਸਲਰ ਦੀ ਚੋਣ ਜਿੱਤ ਕੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਨਾਲ ਫਿਨਲੈਂਡ ਵਿਚ ਰਹਿੰਦੇ ਪੰਜਾਬੀ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ। ਪ੍ਰੈੱਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵੀ ਚਰਨਜੀਤ ਸ਼ਰਮਾ ਫਿਨਲੈਂਡ ਨੇ ਦੱਸਿਆ ਕਿ ਫਿਨਲੈਂਡ ਵਿਚ ਕੁਝ ਦਿਨ ਪਹਿਲਾਂ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਕੌਂਸਲਰ ਦੀਆਂ ਚੌਣਾਂ ਹੋਈਆਂ, ਜਿਸ ਵਿਚ ਪੰਜਾਬੀ ਭਾਈਚਾਰੇ ’ਤੇ ਏਸ਼ੀਅਨ ਭਾਈਚਾਰੇ ਵੱਲੋਂ ਪੜੇ-ਲਿਖੇ ਨੌਜਵਾਨ ਅਤੇ ਫ਼ਿਨਲੈਡ ਦੇ ਉੱਘੇ ਕਾਰੋਬਾਰੀ ਮਾਨਵ ਫ਼ੁੱਲ ਨੂੰ ਵਨਤਾ ਸ਼ਹਿਰ ’ਚੋਂ ਉਮੀਦਵਾਰ ਬਣਾਇਆ ਗਿਆ ਸੀ ’ਤੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੀ ਡਟ ਕੇ ਮਦਦ ਕੀਤੀ ਗਈ ਸੀ। ਮਾਨਵ ਫ਼ੁੱਲ ਨੇ ਪਿਛਲੇ 15 ਸਾਲਾ ਦਾ ਰਿਕਾਰਡ ਤੋੜਦਿਆਂ ਫ਼ਿੰਨਲੈਂਡ ਦੀ ਸਿਆਸਤ ਥੰਮ ਮੰਨੇ ਜਾਂਦੇ ਉਮੀਦਵਾਰਾਂ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ। ਮਾਨਵ ਫ਼ੁੱਲ ਦੀ ਜਿਥੇ ਪੰਜਾਬੀਆਂ ਅਤੇ ਏਸ਼ੀਅਨ ਭਾਈਚਾਰੇ ਵੱਲੋ ਹਮਾਇਤ ਕੀਤੀ ਗਈ, ਉੱਥੇ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਸ਼ਰਮਾ ਨੇ ਵੀ ਮਾਨਵ ਫੁੱਲ ਦੀ ਜਿੱਤ ਲਈ ਦਿਨ-ਰਾਤ ਚੋਣ ਪ੍ਰਚਾਰ ਕੀਤਾ। ਮਾਨਵ ਦੀ ਜਿੱਤ ’ਚ ਚਰਨਜੀਤ ਸ਼ਰਮਾ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਿੱਤ ਉਪਰੰਤ ਲੋਕਾਂ ਦਾ ਧੰਨਵਾਦ ਕਰਦੇ ਹੋਏ ਮਾਨਵ ਫ਼ੁੱਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ।