Punjab News

ਮਾਮਲਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ, ਦੋ ਹਿੰਦੂ ਵੀਰਾਂ ਸਮੇਤ 15 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ

ਜੈਤੋ

ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ’ਚ ਚੱਲ ਰਿਹਾ ਹੈ । ਅੱਜ ਜ਼ਿਲ੍ਹਾ ਮਾਨਸਾ ਦੇ 10 ਸਿੰਘਾਂ ਲਵਪ੍ਰੀਤ ਸਿੰਘ ਅਕਲੀਆ, ਹਰਵਿੰਦਰ ਸਿੰਘ, ਅਸ਼ੋਕ ਕੁਮਾਰ, ਸਤਪਾਲ ਸ਼ਰਮਾ, ਪਿਆਰਾ ਸਿੰਘ, ਭੋਲਾ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਤੇ ਹਰਦੇਵ ਸਿੰਘ ਨੇ ਗ੍ਰਿਫ਼ਤਾਰੀ ਦਿੱਤੀ, ਜਦਕਿ ਐਤਵਾਰ ਨੂੰ ਜ਼ਿਲ੍ਹਾ ਪਟਿਆਲਾ ਦੇ 5 ਸਿੰਘਾਂ ਨੇ ਹਰਭਜਨ ਸਿੰਘ ਕਸ਼ਮੀਰੀ, ਸੁਖਵਿੰਦਰ ਸਿੰਘ, ਬਲਦੇਵ ਸਿੰਘ,ਬਲਜੀਤ ਸਿੰਘ ਤੇ ਸੁੱਖਾ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।

ਜਥੇ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਇਕਬਾਲ ਸਿੰਘ ਬਰੀਵਾਲਾ, ਗੁਰਸੇਵਕ ਸਿੰਘ ਜਵਾਹਰਕੇ ਤੇ ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਵੀਰ ਸਿੰਘ ਬੱਛੋਆਣਾ, ਜੋਗਿੰਦਰ ਸਿੰਘ ਬੋਹਾ ਤੇ ਸੁਖਚੈਨ ਸਿੰਘ ਅਤਲਾ ਨੇ ਰਵਾਨਾ ਕੀਤਾ । ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਸੁਚੱਜੇ ਢੰਗ ਨਾਲ ਨਿਭਾਈ। ਜਥੇਦਾਰ ਦਰਸ਼ਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰਇਤਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।