World

ਮਿਹਰਬਾਨ ਹੋਈ ਕਿਸਮਤ , ਪੁਰਾਣੇ ਕੱਪੜਿਆਂ ‘ਚੋਂ ਮਿਲੀ ਲਾਟਰੀ ਨੇ ਬਣਾਇਆ ਕਰੋੜਪਤੀ

ਮਾਂਟਰੀਅਲ— ਕਹਿੰਦੇ ਨੇ ਕਿ ਜਦ ਕਿਸੇ ਦੀ ਕਿਸਮਤ ਮਿਹਰਬਾਨ ਹੋਣੀ ਹੋਵੇ ਤਾਂ ਉਸ ਵਿਅਕਤੀ ਨੂੰ ਇਸ ਬਾਰੇ ਕੁੱਝ ਪਤਾ ਵੀ ਨਹੀਂ ਹੁੰਦਾ। ਕੈਨੇਡਾ ‘ਚ ਇਕ ਵਿਅਕਤੀ ਦੀ ਕਿਸਮਤ ਕੁੱਝ ਇਸ ਤਰੀਕੇ ਨਾਲ ਚਮਕੀ ਕਿ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ। ਮਾਂਟਰੀਅਲ ‘ਚ ਰਹਿ ਰਹੇ ਇਕ ਵਿਅਕਤੀ ਨੂੰ ਆਪਣੇ ਪੁਰਾਣੇ ਕੋਟ ‘ਚੋਂ ਇਕ ਲਾਟਰੀ ਟਿਕਟ ਮਿਲੀ ਜੋ ਕਿ ਅਜੇ ਵੈਲਿਡ ਸੀ ਅਤੇ ਇਸ ਨੇ ਉਸ ਨੂੰ 1.75 ਮਿਲੀਅਨ ਕੈਨੇਡੀਅਨ ਡਾਲਰ (ਇਕ ਕਰੋੜ ਰੁਪਏ) ਦਾ ਮਾਲਕ ਬਣਾ ਦਿੱਤਾ। ਇਹ ਵਿਅਕਤੀ ਦਿਨਾਂ ‘ਚ ਕਰੋੜਪਤੀ ਬਣ ਗਿਆ।

ਗ੍ਰੇਗੋਰੀਓ ਡੀ ਸੈਂਟਿਸ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਕਮਰਾ ਸਾਫ ਕਰਨ ਲਈ ਕਿਹਾ ਸੀ ਅਤੇ ਇੱਥੇ ਪੁਰਾਣੇ ਕੱਪੜੇ ਵੀ ਸਨ। ਸਫਾਈ ਦੌਰਾਨ ਉਸ ਨੂੰ ਆਪਣੇ ਇਕ ਕੋਟ ਦੀ ਜੇਬ ‘ਚੋਂ 10 ਮਹੀਨੇ ਪਹਿਲਾਂ ਖਰੀਦੀ ਲਾਟਰੀ ਦੀ ਟਿਕਟ ਮਿਲੀ। ਉਸ ਨੇ ਇਸ ਬਾਰੇ ਲਾਟਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਅਜੇ ਵੀ ਇਨਾਮ ਦਾ ਹੱਕਦਾਰ ਹੈ। ਜਦ ਉਸ ਨੂੰ ਪਤਾ ਲੱਗਾ ਕਿ ਉਹ 1.75 ਮਿਲੀਅਨ ਕੈਨੇਡੀਅਨ ਡਾਲਰ ਦਾ ਜੇਤੂ ਹੈ ਤਾਂ ਉਸ ਨੂੰ ਯਕੀਨ ਕਰਨਾ ਮੁਸ਼ਕਲ ਹੋ ਗਿਆ।

ਡੀ ਸੈਂਟਿਸ ਦੀ ਭੈਣ ਨੇ ਦੱਸਿਆ ਕਿ ਉਹ ਚਾਹੁੰਦੀ ਸੀ ਕਿ ਪੁਰਾਣੇ ਕੱਪੜਿਆਂ ਨੂੰ ਦਾਨ ਕੀਤਾ ਜਾਵੇ ਅਤੇ ਇਸੇ ਲਈ ਉਸ ਨੇ ਆਪਣੇ ਭਰਾ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਉਸ ਨੂੰ ਲਾਟਰੀ ਦਾ ਟਿਕਟ ਮਿਲੀ, ਜੋ ਕਿ ਉਸ ਨੇ ਮੂਲ ਰੂਪ ‘ਚ ਦਸੰਬਰ 2017 ‘ਚ ਖਰੀਦੀ ਸੀ।