India News

ਮੁਸਲਿਮ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਦਿੱਲੀ, ਹਰਿਆਣਾ ਤੇ ਕਰਨਾਟਕ ਤੋਂ ਆਏ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਅੱਜ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਸਹਿਯੋਗ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ ਨੇ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਦਖ਼ਲਅੰਦਾਜ਼ੀ ਦੇਣ ਦੀ ਮੰਗ ਕੀਤੀ ਸੀ।

ਜਥੇਬੰਦੀ ਦੇ ਕਾਰਕੁਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਜੁਮੇ ਦੀ ਨਮਾਜ਼ ਅਦਾ ਕਰਕੇ ਦੁਆ ਵੀ ਮੰਗੀ ਸੀ। ਜਥੇਬੰਦੀ ਨੇ ਸਕੱਤਰੇਤ ਵਿੱਚ ਇਕ ਪੱਤਰ ਵੀ ਸੌਂਪਿਆ ਸੀ ਜਿਸ ’ਚ ਮੰਗ ਕੀਤੀ ਹੈ ਕਿ ਸਿੱਖ, ਵਿਵਾਦਤ ਕਾਨੂੰਨ ਵਿਰੁਧ ਉਨ੍ਹਾਂ ਦੀ ਹਮਾਇਤ ਕਰਨ।

ਜਥੇਬੰਦੀ ਦੇ ਆਗੂ ਜ਼ੀਸ਼ਾਨ ਹੈਦਰ ਨੇ ਕਿਹਾ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਭਾਈਚਾਰਕ ਸਾਂਝ ਖ਼ਤਮ ਕਰਕੇ ਮੁਲਕ ਦਾ ਭਗਵਾਂਕਰਨ ਕਰਨਾ ਚਾਹੁੰਦੀ ਹੈ।