India News

ਮੁੰਬਈ ਨੂੰ ਫਿਰ ਦਹਿਲਾਉਣ ਦੀ ਸਾਜਿਸ਼; ਟ੍ਰੈਫਿਕ ਪੁਲਸ ਨੂੰ ਮਿਲੀ 26/11 ਵਰਗੇ ਹਮਲੇ ਦੀ ਧਮਕੀ

ਮੁੰਬਈ– ਮੁੰਬਈ ਟ੍ਰੈਫਿਕ ਪੁਲਸ ਦੇ ਕੰਟਰੋਲ ਰੂਮ ਨੂੰ ਆਪਣੀ ਹੈਲਪਲਾਈਨ ਦੇ ਵਟਸਐਪ ਨੰਬਰ ’ਤੇ ਕਈ ਸੰਦੇਸ਼ ਮਿਲੇ ਹਨ, ਜਿਨ੍ਹਾਂ ’ਚ 26/11 ਵਰਗੇ ਹਮਲੇ ਕੀਤੇ ਜਾਣ ਦੀ ਧਮਕੀ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਇਹ ਸੰਦੇਸ਼ ਦੇਸ਼ ਦੇ ਬਾਹਰ ਦੇ ਕਿਸੇ ਨੰਬਰ ਤੋਂ ਭੇਜੇ ਗਏ ਹਨ।

ਅਧਿਕਾਰੀ ਮੁਤਾਬਕ ਮੱਧ ਮੁੰਬਈ ਦੇ ਵਰਲੀ ਸਥਿਤ ਕੰਟਰੋਲ ਰੂਮ ਤੋਂ ਸੰਚਾਲਿਤ ਮੁੰਬਈ ਪੁਲਸ ਦੀ ਆਵਾਜਾਈ ਹੈਲਪਲਾਈਨ ਦੇ ਵਟਸਐਪ ਨੰਬਰ ’ਤੇ ਸ਼ੁੱਕਰਵਾਰ ਰਾਤ ਕਰੀਬ 11 ਵਜੇ ਸੰਦੇਸ਼ ਆਏ। ਉਨ੍ਹਾਂ ਦੱਸਿਆ ਕਿ ਇਸ ਸੰਦੇਸ਼ ਨੂੰ ਭੇਜਣ ਵਾਲੇ ਨੇ 26/11 ਦੇ ਮੁੰਬਈ ਹਮਲੇ ਵਰਗੇ ਹਮਲੇ ਦੀ ਧਮਕੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੀ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਮੁੰਬਈ ’ਚ 26 ਨਵੰਬਰ 2008 ਨੂੰ ਪਾਕਿਸਤਾਨ ਦੇ 10 ਹਥਿਆਰਬੰਦ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਹ ਦੇਸ਼ ’ਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ’ਚੋਂ ਇਕ ਸੀ। ਇਸ ਹਮਲੇ ’ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵਧੇਰੇ ਜ਼ਖਮੀ ਹੋ ਗਏ ਸਨ।