India News

ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ, PM ਮੋਦੀ ਨੇ ਕਿਹਾ- ਸਫ਼ਲਤਾ ਹਰ ਭਾਰਤੀ ਨੂੰ ਕਰੇਗੀ ਪ੍ਰੇਰਿਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ’ਚ ਮੁੱਕੇਬਾਜ਼ੀ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮਜ਼ਬੂਤ ਸੰਕਲਪ ਅਤੇ ਸਮਰਪਣ ਸ਼ਲਾਘਾਯੋਗ ਹੈ। ਲਵਲੀਨਾ ਨੂੰ 69 ਕਿਲੋਵਰਗ ਦੇ ਸੈਮੀਫਾਈਨਲ ’ਚ ਵਿਸ਼ਵ ਚੈਂਪੀਅਨ ਬੁਸਾਨੇਜ ਸੁਰਮੇਨੇਲੀ ਦੇ ਹੱਥੋਂ ਮਿਲੀ ਹਾਰ ਮਗਰੋਂ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਲਵਲੀਨਾ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਟਵੀਟ ਕੀਤਾ ਕਿ ਚੰਗਾ ਮੁਕਾਬਲਾ ਲਵਲੀਨਾ ਬੋਰਗੋਹੇਨ। ਮੁੱਕੇਬਾਜ਼ੀ ਰਿੰਗ ਵਿਚ ਉਸ ਦੀ ਸਫ਼ਲਤਾ ਤੋਂ ਕਈ ਭਾਰਤੀਆਂ ਨੂੰ ਪ੍ਰੇਰਣਾ ਮਿਲੀ ਹੈ। ਉਸ ਦਾ ਸਮਰਪਣ ਸ਼ਲਾਘਾਯੋਗ ਹੈ। ਕਾਂਸੀ ਦਾ ਤਮਗਾ ਜਿੱਤਣ ’ਤੇ ਉਸ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ।

ਦੱਸਣਯੋਗ ਹੈ ਕਿ ਓਲੰਪਿਕ ’ਚ ਡੈਬਿਊ ਕਰ ਰਹੀ ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਖ਼ਿਲਾਫ਼ ਬੁਸਾਨੇਜ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਅਤੇ 5-0 ਨਾਲ ਜਿੱਤ ਦਰਜ ਕਰਨ ’ਚ ਸਫ਼ਲ ਰਹੀ। ਟੋਕੀਓ ਖੇਡਾਂ ’ਚ ਭਾਰਤ ਦਾ ਇਹ ਤੀਜਾ ਤਮਗਾ ਹੈ। ਲਵਲੀਨਾ ਦਾ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿਚ ਪਹਿਲਾਂ ਤਮਗਾ ਹੈ। ਲਵਲੀਨਾ ਓਲੰਪਿਕ ਮੁੱਕੇਬਾਜ਼ੀ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸੀ ਪਰ ਵਿਸ਼ਵ ਚੈਂਪੀਅਨ ਬੁਸਾਨੇਜ ਨੇ ਉਨ੍ਹਾਂ ਦਾ ਸੁਫ਼ਨਾ ਤੋੜ ਦਿੱਤਾ। ਭਾਰਤੀ ਮੁੱਕੇਬਾਜ਼ ਕੋਲ ਤੁਰਕੀ ਦੀ ਖਿਡਾਰੀ ਦੇ ਦਮਦਾਰ ਮੁੱਕਿਆਂ ਅਤੇ ਤੇਜ਼ੀ ਦਾ ਕੋਈ ਜਵਾਬ ਨਹੀਂ ਸੀ। ਇਸ ਦੌਰਾਨ ਘਬਰਾਹਟ ਵਿਚ ਲਵਲੀਨਾ ਨੇ ਗਲਤੀਆਂ ਕੀਤੀਆਂ।

 

ਕੁਆਟਰ ਫਾਈਨਲ ਵਿਚ ਲਵਲੀਨਾ ਹਾਲਾਂਕਿ ਚੀਨੀ ਤਾਈਪੇ ਦੀ ਸਾਬਕਾ ਵਿਸ਼ਵ ਚੈਂਪੀਅਨ ਨੀਨ ਚਿਨ ਚੇਨ ਨੂੰ ਹਰਾ ਕੇ ਪਹਿਲਾਂ ਹੀ ਤਮਗਾ ਪੱਕਾ ਕਰ ਚੁੱਕੀ ਸੀ। ਅਸਮ ਦੀ 23 ਸਾਲਾ ਲਵਲੀਨਾ ਨੇ ਵਜਿੰਦਰ ਸਿੰਘ (ਬੀਜਿੰਗ 2008) ਅਤੇ ਐਮ.ਸੀ. ਮੈਰੀਕਾਮ (ਲੰਡਨ 2012) ਦੀ ਬਰਾਬਰੀ ਕੀਤੀ। ਵਜਿੰਦਰ ਅਤੇ ਮੈਰੀਕਾਮ ਦੋਵਾਂ ਨੇ ਕਾਂਸੀ ਤਮਗੇ ਜਿੱਤੇ ਸਨ। ਤੁਰਕੀ ਦੀ ਮੁੱਕੇਬਾਜ਼ 2019 ਚੈਂਪੀਅਨਸ਼ਿਪ ਵਿਚ ਜੇਤੂ ਰਹੀ ਸੀ, ਜਦੋਂ ਉਸ ਮੁਕਾਬਲੇ ਵਿਚ ਲਵਲੀਨਾ ਨੂੰ ਕਾਂਸੀ ਤਮਗਾ ਮਿਲਿਆ ਸੀ। ਉਦੋਂ ਇਨ੍ਹਾਂ ਦੋਵਾਂ ਵਿਚਾਲੇ ਮੁਕਾਬਲਾ ਨਹੀਂ ਹੋਇਆ ਸੀ।