Punjab News

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨੀਰਜ ਚੋਪੜਾ ਨੂੰ ਦੋ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ

ਚੰਡੀਗੜ੍ਹ

ਟੋਕੀਓ ਓਲੰਪਿਕ ਖੇਡਾਂ ’ਚ ਐਥਲੈਟਿਕਸ ’ਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਨੀਰਜ ਚੋਪੜਾ (ਵੀ. ਐੱਸ. ਐੱਮ.) ਦੀ ਸ਼ਾਨਾਮੱਤੀ ਪ੍ਰਾਪਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਰ ਭਾਰਤ ਦੇ ਇਸ ਐਥਲੀਟ ਨੂੰ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੀਰਜ ਨੇ ਟੋਕੀਓ ਵਿਖੇ 87.58 ਮੀਟਰ ਦੀ ਥ੍ਰੋਅ ਨਾਲ ਜੈਵਲਿਨ ’ਚ ਸੋਨ ਤਮਗਾ ਜਿੱਤਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਨੀਰਜ ਚੋਪੜਾ, ਜੋ ਭਾਰਤੀ ਫੌਜ ਦਾ ਸਿਪਾਹੀ ਹੈ, ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਭਾਰਤ ’ਚ ਬਹੁਤਾ ਸਮਾਂ ਆਪਣੀ ਪ੍ਰੈਕਟਿਸ ਐੱਨ. ਆਈ. ਐੱਸ. ਪਟਿਆਲਾ ਵਿਖੇ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 2018 ’ਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਿਆ। ਜੈਵਲਿਨ ਥ੍ਰੋਅ ’ਚ ਉਹ 88.07 ਮੀਟਰ ਦੀ ਥ੍ਰੋਅ ਨਾਲ ਭਾਰਤ ਦਾ ਮੌਜੂਦਾ ਰਿਕਾਰਡ ਹੋਲਡਰ ਹੈ। ਨੀਰਜ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਵੀ ਸੋਨ ਤਮਗਾ ਜਿੱਤਿਆ ਸੀ ਅਤੇ ਅੰਡਰ 20 ਵਰਗ ’ਚ 86.48 ਮੀਟਰ ਦੀ ਥ੍ਰੋਅ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ’ਚ ਵਿਅਕਤੀਗਤ ਖੇਡਾਂ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਹੈ। ਪਹਿਲਾ ਸੋਨ ਤਮਗਾ ਪੰਜਾਬ ਦੇ ਅਭਿਨਵ ਬਿੰਦਰਾ ਨੇ 2008 ’ਚ ਬੀਜਿੰਗ ਵਿਖੇ ਜਿੱਤਿਆ ਸੀ। ਨੀਰਜ ਚੋਪੜਾ ਨੇ ਆਪਣੀ ਪੜ੍ਹਾਈ ਡੀ. ਏ. ਵੀ. ਕਾਲਜ ਚੰਡੀਗੜ੍ਹ ਤੋਂ ਕੀਤੀ ਹੈ ਅਤੇ 2016 ’ਚ ਉਸ ਨੇ ਭਾਰਤੀ ਫੌਜ ’ਚ 4 ਰਾਜਸਥਾਨ ਰਾਈਫਲਜ਼ ਜੁਆਇਨ ਕੀਤੀ ਸੀ।