Punjab News

ਮੁੱਦਾ : ਘੱਟ ਝਾੜ ਨਾਲ ਵੱਡਾ ਨੁਕਸਾਨ, ਮਿੱਟੀ ’ਚ ਮਿਲੇ ਅੰਨਦਾਤਾ ਦੇ ਅਰਮਾਨ

ਬਠਿੰਡਾ : ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੋਂ ਲੰਘ ਰਹੇ ਕਿਸਾਨਾਂ ਨੂੰ ਹੁਣ ਕਣਕ ਦੀ ਫ਼ਸਲ ਦਾ ਝਾਡ਼ ਘੱਟ ਜਾਣ ਕਾਰਨ ਵੱਡਾ ਆਰਥਿਕ ਝਟਕਾ ਲੱਗਾ ਹੈ। ਇਹ ਪਹਿਲੀ ਵਾਰ ਹੈ ਕਿ ਕਣਕ ਦਾ ਝਾਡ਼ ਪ੍ਰਤੀ ਏਕਡ਼ 4 ਤੋਂ ਲੈ ਕੇ 8 ਕੁਇੰਟਲ ਤਕ ਘੱਟ ਗਿਆ ਹੈ। ਇਹੀ ਨਹੀਂ ਇਸ ਵਾਰ ਤੂਡ਼ੀ ਪਹਿਲਾਂ ਨਾਲੋਂ ਅੱਧੀ ਬਣ ਰਹੀ ਹੈ। ਕਣਕ ਦਾ ਝਾਡ਼ ਜ਼ਿਆਦਾ ਘੱਟ ਜਾਣ ਤੋਂ ਬਾਅਦ ਕਿਸਾਨ ਬੇਹੱਦ ਚਿੰਤਤ ਨਜ਼ਰ ਆ ਰਹੇ ਹਨ। ਕਣਕ ਦਾ ਝਾਡ਼ ਘਟਣ ਕਾਰਨ ਕਿਸਾਨਾਂ ਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕਡ਼ ਦੇ ਨੁਕਸਾਨ ਦਾ ਖਦਸ਼ਾ ਹੈ। ਸੂਬੇ ਵਿਚ ਕਣਕ ਦਾ ਝਾਡ਼ ਘਟਣ ਤੋਂ ਬਾਅਦ ਮੱਧ ਵਰਗੀ ਤੇ ਛੋਟੀ ਕਿਸਾਨੀ ਨੂੰ ਜ਼ਿਆਦਾ ਮਾਰ ਪਈ ਹੈ ਕਿਉਂਕਿ ਉਨ੍ਹਾਂ ਆਪਣੀ ਫ਼ਸਲ ਨੂੰ ਵੇਚਣ ਤੋਂ ਬਾਅਦ ਉਨ੍ਹਾਂ ਪੈਸਿਆਂ ਨਾਲ ਅਗਲੀ ਫ਼ਸਲ ਦੀ ਬਿਜਾਈ ਦਾ ਪ੍ਰਬੰਧ ਕਰਨਾ ਹੁੰਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅੰਦਰ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਸੀ, ਇਸ ਕਾਰਨ ਕਿਸਾਨ ਆਰਥਿਕ ਤੌਰ ’ਤੇ ਡਾਵਾਂਡੋਲ ਹੋ ਗਿਆ ਸੀ। ਕਿਸਾਨ ਹਾਲੇ ਨਰਮੇ ਦੀ ਫ਼ਸਲ ਕਾਰਨ ਸਹਿਣੇ ਪਏ ਨੁਕਸਾਨ ਤੋਂ ਉਭਰਿਆ ਨਹੀਂ ਸੀ ਕਿ ਹੁਣ ਕਣਕ ਦਾ ਝਾਡ਼ ਵੱਡੀ ਪੱਧਰ ’ਤੇ ਘੱਟ ਗਿਆ ਹੈ। ਨਰਮੇ ਦੀ ਫ਼ਸਲ ਵਿਚ ਵੱਡਾ ਘਾਟਾ ਝੱਲਣ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਆਸ ਬੱਝੀ ਸੀ ਪਰ ਹੁਣ ਕਣਕ ਦੀ ਵਾਢੀ ਤੋਂ ਬਾਅਦ ਇਨ੍ਹਾਂ ਆਸਾਂ ’ਤੇ ਪਾਣੀ ਫਿਰ ਗਿਆ ਨਜ਼ਰ ਆ ਰਿਹਾ ਹੈ।

ਭਾਵੇਂ ਖੇਤੀਬਾਡ਼ੀ ਵਿਭਾਗ ਕਣਕ ਦੇ ਘੱਟ ਝਾਡ਼ ਲਈ ਮੌਸਮ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਡੀਏਪੀ ਖਾਦ ਮੌਕੇ ’ਤੇ ਨਾ ਮਿਲਣ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਨਰਮੇ ਦੀ ਫ਼ਸਲ ਬਰਬਾਦ ਹੋਣ ਤੋਂ ਬਾਅਦ ਆਡ਼ਤੀਆਂ, ਕੀਡ਼ੇਮਾਰ ਅਤੇ ਖਾਦਾਂ ਦੇ ਡੀਲਰਾਂ ਨੇ ਕਿਸਾਨਾਂ ਨੂੰ ਸਾਮਾਨ ਉਧਾਰ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਪਰ ਹੁਣ ਕਣਕ ਦੀ ਫ਼ਸਲ ਚੰਗੀ ਨਾ ਹੋਣ ਕਾਰਨ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਖੇਤੀਬਾਡੀ ਲਈ ਵਰਤੀਆਂ ਜਾਣ ਵਾਲੀਆਂ ਇਹ ਚੀਜ਼ਾਂ ਉਧਾਰ ਮਿਲਣੀਆਂ ਮੁਸ਼ਕਲ ਹੋ ਜਾਣਗੀਆਂ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੁਣ ਅਗਲੀ ਫ਼ਸਲ ਦੀ ਬਿਜਾਈ ਦੀ ਚਿੰਤਾ ਵੀ ਨਾਲੋਂ ਨਾਲ ਸਤਾ ਰਹੀ ਹੈ। ਕਿਸਾਨਾਂ ਵੱਲੋਂ ਬੈਂਕਾਂ ਤੋਂ ਲਿਮਟਾਂ ਦੇ ਰੂਪ ਤੇ ਟਰੈਕਟਰਾਂ ਤੇ ਹੋਰ ਖੇਤੀ ਸੰਦਾਂ ’ਤੇ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਵਾਪਸ ਕਰਨੀਆਂ ਵੀ ਮੁਸ਼ਕਲ ਹੋ ਜਾਣਗੀਆਂ। ਇਸ ਤਰ੍ਹਾਂ ਕਿਸਾਨਾਂ ਦੇ ਸਿਰ ਕਰਜ਼ਿਆਂ ਦੀਆਂ ਪੰਡਾਂ ਹੋਰ ਭਾਰੀਆਂ ਹੋਣਗੀਆਂ ਜਿਸ ਨਾਲ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਧੁੰਦਲਾ ਹੋ ਸਕਦਾ ਹੈ। ਕਿਸਾਨਾਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਅਗਲੀ ਨਰਮੇ ਤੇ ਝੋਨੇ ਦੀ ਫ਼ਸਲ ਦੀ ਬਿਜਾਈ ਸੁਖਾਲੀ ਕਰ ਸਕਣ।