World

ਮੰਕੀਪੌਕਸ ਮਹਾਮਾਰੀ ਦਾ ਰੂਪ ਨਹੀਂ ਲਵੇਗੀ : WHO

ਲੰਡਨ-ਮੰਕੀਪੌਕਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਚੋਟੀ ਦੇ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਬੀਮਾਰੀ ਇਕ ਮਹਾਮਾਰੀ ਦਾ ਰੂਪ ਲਵੇਗੀ ਪਰ ਇਸ ਦੇ ਬਾਰੇ ‘ਚ ਅਜੇ ਬਹੁਤ ਕੁਝ ਜਾਣਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਇਕ ਸਵਾਲ ਇਹ ਹੈ ਕਿ ਇਹ ਬੀਮਾਰੀ ਅਸਲ ‘ਚ ਕਿਸ ਤਰ੍ਹਾਂ ਫੈਲਦੀ ਹੈ ਅਤੇ ਕੀ ਦਹਾਕਿਆਂ ਤੋਂ ਪਹਿਲਾਂ ਚੇਚਕ ਟੀਕਾਕਰਨ ‘ਤੇ ਰੋਕ ਲਾਏ ਜਾਣ ਦੇ ਕਾਰਨ ਕਿਸ ਤਰ੍ਹਾਂ ਇਸ ਦਾ ਕਹਿਰ ਤੇਜ਼ ਹੋ ਸਕਦਾ ਹੈ।

ਡਬਲਯੂ.ਐੱਚ.ਓ. ਦੀ ਡਾਕਟਰ ਰੋਜਮੰਡ ਲੁਈਸ ਨੇ ਸੋਮਵਾਰ ਨੂੰ ਇਕ ਜਨਤਕ ਪ੍ਰੋਗਰਾਮ ‘ਚ ਕਿਹਾ ਕਿ ਇਸ ਗੱਲ ‘ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਵਿਸ਼ਵ ਪੱਧਰ ‘ਤੇ ਦਰਜਨਾਂ ਦੇਸ਼ਾਂ ‘ਚ ਜ਼ਿਆਦਾਤਰ ਸਮਲਿੰਗੀ ਜਾਂ ਪੁਰਸ਼ਾਂ ਨਾਲ ਯੌਨ ਸਬੰਧ ਰੱਖਣ ਵਾਲੇ ਪੁਰਸ਼ ਮੰਕੀਪੌਕਸ ਦੇ ਸ਼ਿਕਾਰ ਹੋਏ ਹਨ ਤਾਂ ਕਿ ਵਿਗਿਆਨੀ ਇਸ ਦੇ ਬਾਰੇ ‘ਚ ਹੋਰ ਅਧਿਐਨ ਕਰ ਸਕਣ ਅਤੇ ਜੋ ਲੋਕ ਇਸ ਦਾ ਸ਼ਿਕਾਰ ਹੋ ਸਕਦੇ ਹਨ, ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਸਕਣ।

ਉਨ੍ਹਾਂ ਕਿਹਾ ਕਿ ਕੋਈ ਵੀ ਇਸ ਬੀਮਾਰੀ ਦੀ ਲਪੇਟ ‘ਚ ਆ ਸਕਦਾ ਹੈ, ਭਲੇ ਹੀ ਉਸ ਦੀ ਲਿੰਗ ਪਛਾਣ ਕੁਝ ਵੀ ਹੋਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ਦਸ਼ਾ ਨਹੀਂ ਹੈ ਕਿ ਇਹ ਬੀਮਾਰੀ ਮਹਾਮਾਰੀ ਦਾ ਰੂਪ ਲੈ ਲਵੇਗੀ। ਮੰਕੀਪੌਕਸ ਮਨੁੱਖੀ ਚੇਚਕ ਦੇ ਸਮਾਨ ਇਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ। ਇਹ ਪਹਿਲੀ ਵਾਰ 1958 ‘ਚ ਖੋਜ ਲਈ ਰੱਖੇ ਗਏ ਬੰਦਰਾਂ ‘ਚ ਪਾਇਆ ਗਿਆ ਸੀ।