UK News

ਯਾਤਰਾ ਲਈ ਵੈਕਸੀਨ ਸਰਟੀਫਿਕੇਸ਼ਨ ’ਚ ਘੱਟੋ-ਘੱਟ ਮਾਪਦੰਡ ਪੂਰੇ ਹੋਣੇ ਚਾਹੀਦੇ ਹਨ : ਬ੍ਰਿਟੇਨ

ਲੰਡਨ- ਬ੍ਰਿਟੇਨ ਸਰਕਾਰ ਨੇ ਸਾਰੇ ਦੇਸ਼ਾਂ ਤੋਂ ਕੋਵਿਡ-19 ਵੈਕਸੀਨ ਸਰਟੀਫਿਕੇਸ਼ਨ ਦੇ ਘੱਟੋ-ਘੱਟ ਮਾਪਦੰਡ ਪੂਰੇ ਕਰਨ ਨੂੰ ਮਹੱਤਵਪੂਰਣ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਅੰਤਰਰਾਸ਼ਟਰੀ ਯਾਤਰਾ ਨਿਯਮਾਂ ਨੂੰ ਲੈ ਕੇ ਭਾਰਤ ਨਾਲ ਪੜਾਅਬੱਧ ਦ੍ਰਿਸ਼ਟੀਕੋਣ ’ਤੇ ਕੰਮ ਕਰ ਰਹੀ ਹੈ। ਇਹ ਬਿਆਨ ਆਕਸਫੋਰਡ/ਐਸਟ੍ਰਾਜੇਨੇਕਾ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਕੋਵਿਸ਼ੀਲਡ ਟੀਕੇ ਨੂੰ ਬੁੱਧਵਾਰ ਨੂੰ ਬ੍ਰਿਟੇਨ ਦੇ ਵਿਸਥਾਰਿਤ ਯਾਤਰਾ ਸਬੰਧੀ ਸਲਾਹ ’ਚ ਸਵੀਕਾਰ ਕੀਤੇ ਜਾਣ ਤੋਂ ਬਾਅਦ ਆਇਆ ਹੈ।

ਹਾਲਾਂਕਿ ਭਾਰਤ ਦਾ ਟੀਕਾ ਸਰਟੀਫਿਕੇਸ਼ਨ 18 ਪ੍ਰਵਾਨਤ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਨਾ ਹੋਣ ਦੀ ਵਜ੍ਹਾ ਨਾਲ, ਬ੍ਰਿਟੇਨ ਆਉਣ ਵਾਲੇ ਭਾਰਤੀ ਯਾਤਰੀਆਂ ਦੇ ਟੀਕਾਕਰਨ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ ਅਤੇ ਇਸ ਲਈ ਉਨ੍ਹਾਂ ਨੂੰ ਪਹੁੰਚਣ ਦੇ ਬਾਅਦ 10 ਦਿਨਾਂ ਦੀ ਕੁਆਰੰਟੀਨ ਦੀ ਜ਼ਰੂਰਤ ਨੂੰ ਪੂਰਾ ਕਰਨਾ ਪਏਗਾ। ਬ੍ਰਿਟੇਨ ਸਰਕਾਰ ਦੇ ਬੁਲਾਰੇ ਨੇ ਕਿਹਾ, ‘ਸਾਡੀ ਹਾਲ ਹੀ ਵਿਚ ਵਿਸਥਾਰਿਤ ਅੰਦਰੂਨੀ ਟੀਕਾਕਰਨ ਨੀਤੀ ਦੇ ਹਿੱਸੇ ਵਜੋਂ, ਅਸੀਂ ਅੰਤਰਰਾਸ਼ਟਰੀ ਯਾਤਰਾ ਦੇ ਉਦੇਸ਼ਾਂ ਲਈ ਫਾਈਜ਼ਰ ਬਾਇਓਐਨਟੈਕ, ਆਕਸਫੋਰਡ ਐਸਟਰਾਜ਼ੇਨੇਕਾ, ਮਾਡਰਨਾ ਅਤੇ ਜਾਨਸਨ (ਜੇ ਐਂਡ ਜੇ) ਦੇ ਟੀਕਿਆਂ ਨੂੰ ਮਾਨਤਾ ਦਿੰਦੇ ਹਾਂ। ਇਸ ਵਿਚ ਹੁਣ ਐਸਟਰਾਜ਼ੇਨੇਕਾ ਕਾਵੀਸ਼ਿਲਡ, ਐਸਟਰਾਜ਼ੇਨੇਕਾ ਵੈਕਸਜੇਵੀਰੀਆ ਅਤੇ ਮੋਡਰਨਾ ਟੇਕੇਡਾ ਵੀ ਸ਼ਾਮਲ ਹਨ।’

 

ਬੁਲਾਰੇ ਨੇ ਕਿਹਾ, ‘ਸਾਡੀ ਸਭ ਤੋਂ ਵੱਡੀ ਤਰਜੀਹ ਲੋਕਾਂ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਸੁਰੱਖਿਅਤ ਅਤੇ ਟਿਕਾਊ ਤਰੀਕੇ ਨਾਲ ਯਾਤਰਾ ਨੂੰ ਦੁਬਾਰਾ ਖੋਲ੍ਹਣਾ ਹੈ, ਇਹੀ ਕਾਰਨ ਹੈ ਕਿ ਸਾਰੇ ਦੇਸ਼ਾਂ ਤੋਂ ਟੀਕਾ ਸਰਟੀਫਿਕੇਸ਼ਨ ਨੂੰ ਜਨਤਕ ਸਿਹਤ ਅਤੇ ਵਿਆਪਕ ਵਿਚਾਰਾਂ ਨੂੰ ਧਿਆਨ ਵਿਚ ਰੱਖਦਿਆਂ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਅਸੀਂ ਆਪਣੇ ਪੜਾਅਵਾਰ ਰਵੱਈਏ ਨੂੰ ਲਾਗੂ ਕਰਨ ਲਈ ਭਾਰਤ ਸਮੇਤ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਾਂ।’

ਜਿਨ੍ਹਾਂ ਯਾਤਰੀਆਂ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਗਿਆ ਹੈ, ਜਾਂ ਭਾਰਤ ਵਰਗੇ ਦੇਸ਼ ਵਿਚ ਟੀਕਾਕਰਣ ਕੀਤਾ ਗਿਆ ਹੈ, ਜੋ ਇਸ ਵੇਲੇ ਯੂਕੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੂਚੀ ਵਿਚ ਸ਼ਾਮਲ ਨਹੀਂ ਹੈ, ਉਨ੍ਹਾਂ ਨੂੰ ਰਵਾਨਗੀ ਤੋਂ ਪਹਿਲਾਂ ਜਾਂਚ ਕਰਾਉਣੀ ਹੋਵੇਗੀ। ਇੰਗਲੈਂਡ ਪਹੁੰਚਣ ਤੋਂ ਬਾਅਦ ਦੂਜੇ ਅਤੇ 8ਵੇਂ ਦਿਨ ਦੇ ਪੀ.ਸੀ.ਆਰ. ਟੈਸਟਾਂ ਲਈ ਭੁਗਤਾਨ ਕਰਨਾ ਹੋਵੇਗਾ ਅਤੇ ਖ਼ੁਦ ਨੂੰ ਇਕਾਂਤਵਾਸ ਵਿਚ ਰੱਖਣਾ ਹੋਵੇਗਾ। ਉਨ੍ਹਾਂ ਕੋਲ 5 ਦਿਨਾਂ ਬਾਅਦ ਪੀ.ਸੀ.ਆਰ. ਟੈਸਟ ਦੀ ਨਕਾਰਾਤਮਕ ਰਿਪੋਰਟ ਦੇਣ ਤੋਂ ਬਾਅਦ ਇਸ ਤੋਂ ਛੋਟ ਪ੍ਰਾਪਤ ਕਰਨ ਦਾ ਬਦਲ ਹੋਵੇਗਾ।