UK News

ਯੂਕੇ: ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਇਕ ਦਿਨ ‘ਚ 482 ਪ੍ਰਵਾਸੀ ਕੈਂਟ ਪਹੁੰਚੇ

ਗਲਾਸਗੋ/ਲੰਡਨ – ਯੂਕੇ ਵਿਚ ਸਮੁੰਦਰੀ ਰਸਤੇ ਜ਼ਿਆਦਾਤਰ ਫਰਾਂਸ ਵਿਚੋਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਸ ਅਨੁਸਾਰ ਬੁੱਧਵਾਰ ਨੂੰ ਤਕਰੀਬਨ 482 ਗੈਰਕਨੂੰਨੀ ਪ੍ਰਵਾਸੀ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬ੍ਰਿਟੇਨ ਦੇ ਕੈਂਟ ‘ਚ ਦਾਖ਼ਲ ਹੋਏ ਅਤੇ ਜਿਸ ਨਾਲ ਇਸ ਸਾਲ ਦੀ ਇਹ ਗਿਣਤੀ ਲਗਭਗ 10,222 ਹੋ ਗਈ ਹੈ। ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਕਾਰਨ ਸੰਸਦ ਮੈਂਬਰ ਕਿਸ਼ਤੀਆਂ ਨੂੰ ਸਮੁੰਦਰੀ ਕਿਨਾਰਿਆਂ ਨੂੰ ਪਾਰ ਕਰਨ ਤੋਂ ਪਹਿਲਾਂ ਫਰਾਂਸ ਵਾਪਸ ਭੇਜਣ ਦੀ ਮੰਗ ਕਰ ਰਹੇ ਹਨ।

 

ਕੈਂਟ ਦੇ ਡੋਵਰ ਤੋਂ ਟੋਰੀ ਐੱਮ. ਪੀ. ਨੈਟਲੀ ਐਲਫਿਕ ਅਨੁਸਾਰ ਇਸ ਸਾਲ ਹੁਣ ਤੱਕ 10,000 ਤੋਂ ਵੱਧ ਲੋਕਾਂ ਦੀ ਗੈਰਕਨੂੰਨੀ ਢੰਗ ਨਾਲ ਆਮਦ ਹੋਈ ਹੈ ਅਤੇ ਅਜੇ ਸਿਰਫ਼ ਅਗਸਤ ਦਾ ਪਹਿਲਾ ਹਫ਼ਤਾ ਹੈ। ਪਿਛਲੇ ਮਹੀਨੇ, ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਫ੍ਰੈਂਚ ਬੀਚਾਂ ‘ਤੇ ਗਸ਼ਤ ਕਰ ਰਹੀ ਪੁਲਸ ਦੀ ਗਿਣਤੀ ਨੂੰ ਦੁੱਗਣੀ ਤੋਂ ਵੀ ਜ਼ਿਆਦਾ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਲਈ ਯੂਕੇ ਸਰਕਾਰ ਨੇ ਫਰਾਂਸ ਨਾਲ 54 ਮਿਲੀਅਨ ਪੌਂਡ ਦਾ ਸਮਝੌਤਾ ਕੀਤਾ ਸੀ। ਇਸਦੇ ਨਾਲ ਹੀ ਇਸ ਹਫ਼ਤੇ ਪ੍ਰੀਤੀ ਪਟੇਲ ਗੈਰਕਾਨੂੰਨੀ ਪ੍ਰਵਾਸ ‘ਤੇ ਵਿਚਾਰ ਕਰਨ ਲਈ ਯੂਨਾਨੀ ਸਰਕਾਰ ਦੇ ਮੈਂਬਰਾਂ ਨੂੰ ਵੀ ਮਿਲੀ। ਪਟੇਲ ਨੇ ਸਮੋਸ ਟਾਪੂ ਦੇ ਹੈਲੇਨਿਕ ਕੋਸਟਗਾਰਡ ਦੇ ਨਾਲ ਗਸ਼ਤ ‘ਤੇ ਜਾਣ ਤੋਂ ਪਹਿਲਾਂ ਏਥਨਜ਼ ਵਿਚ ਮੰਤਰੀਆਂ ਨਾਲ ਮੁਲਾਕਾਤ ਕੀਤੀ ਤਾਂ ਜੋ ਛੋਟੀਆਂ ਕਿਸ਼ਤੀਆਂ ਨੂੰ ਪਾਰ ਕਰਨ ਤੋਂ ਰੋਕਣ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।