UK News

ਯੂਕੇ: ਗ੍ਰਹਿ ਵਿਭਾਗ ਵੱਲੋਂ ਦਿੱਤੀ ਰਿਹਾਇਸ਼ ਵਾਲੇ ਹੋਟਲ ‘ਚ ਇੱਕ ਸ਼ਰਨਾਰਥੀ ਦੀ ਮੌਤ

ਗਲਾਸਗੋ/ਯੂਕੇ: ਯੂਕੇ ਵਿੱਚ ਪਨਾਹ ਮੰਗਣ ਵਾਲੇ ਰਫਿਊਜੀ ਲੋਕਾਂ ਨੂੰ ਗ੍ਰਹਿ ਵਿਭਾਗ ਵੱਲੋਂ ਹੋਟਲਾਂ ਆਦਿ ਵਿੱਚ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ। ਅਜਿਹੀ ਹੀ ਇੱਕ ਹੋਟਲ ਰਹਾਇਸ਼ ਵਿੱਚ ਐਤਵਾਰ ਨੂੰ ਸੁਡਾਨ ਦੇਸ਼ ਨਾਲ ਸਬੰਧਤ ਇੱਕ ਸ਼ਰਨਾਰਥੀ ਦੀ ਮੌਤ ਹੋ ਗਈ ਅਤੇ ਇਹ ਇਸ ਰਹਾਇਸ਼ੀ ਹੋਟਲ ਵਿੱਚ ਤੀਜੀ ਮੌਤ ਹੈ। ਬੁਖਾਰੀ ਆਫੀਫੀ ਅਹਿਮਦ (24) ਨਾਮ ਦਾ ਇਹ ਪਨਾਹਗੀਰ ਹੀਥਰੋ ਨੇੜੇ ਵੈਸਟ ਡ੍ਰਾਇਟਨ ਦੇ ਸਟਾਕਲੇ ਰੋਡ ‘ਤੇ ਕਰਾਊਨ ਪਲਾਜ਼ਾ ਹੋਟਲ ‘ਚ 18 ਜੁਲਾਈ ਐਤਵਾਰ ਨੂੰ ਸਵੇਰੇ 1 ਵਜੇ ਤੋਂ ਪਹਿਲਾਂ ਮ੍ਰਿਤਕ ਪਾਇਆ ਗਿਆ। 

 

ਯੂਕੇ ਦੇ ਗ੍ਰਹਿ ਦਫਤਰ ਦੁਆਰਾ ਤਕਰੀਬਨ ਚਾਰ ਮਹੀਨਿਆਂ ਤੋਂ ਇਸ ਹੋਟਲ ਨੂੰ ਰਫਿਊਜੀ ਪਨਾਹਗੀਰਾਂ ਦੇ ਰਹਿਣ ਲਈ ਵਰਤਿਆ ਜਾ ਰਿਹਾ ਸੀ। ਇਸ ਸ਼ਰਨਾਰਥੀ ਵਿਅਕਤੀ ਦੀ ਮੌਤ ਦੇ ਕਾਰਨ ਪਤਾ ਨਹੀਂ ਲੱਗ ਸਕੇ ਅਤੇ ਪੁਲਸ ਦੁਆਰਾ ਇਸ ਘਟਨਾ ਦੀ ਜਾਂਚ ਜਾਰੀ ਹੈ। ਹੋਟਲ ਵਿਚਲੇ ਇੱਕ ਹੋਰ ਰਫਿਊਜੀ ਅਨੁਸਾਰ ਇਸ ਤੋਂ ਪਹਿਲਾਂ ਇਸ ਹੋਟਲ ਵਿੱਚ ਮਰਨ ਵਾਲੇ ਦੂਸਰੇ ਵਿਅਕਤੀਆਂ ਵਿੱਚੋਂ ਇੱਕ ਅਫਰੀਕੀ ਅਤੇ ਦੂਸਰਾ ਇਰਾਕੀ ਸੀ। ਇਸਦੇ ਇਲਾਵਾ ਅੰਕੜਿਆਂ ਅਨੁਸਾਰ ਗ੍ਰਹਿ ਦਫਤਰ ਦੀ ਰਿਹਾਇਸ਼ ਵਿੱਚ ਸਾਲ 2020 ਦੌਰਾਨ ਤਕਰੀਬਨ 29 ਪਨਾਹ ਲੈਣ ਵਾਲਿਆਂ ਦੀ ਮੌਤ ਹੋਈ ਸੀ।