UK News

ਯੂਕੇ ‘ਚ ਕੋਰੋਨਾ ਨਾਲ ਇਕ ਦਿਨ ‘ਚ ਹੋਈਆਂ 146 ਮੌਤਾਂ

ਗਲਾਸਗੋ/ਲੰਡਨ- ਯੂਕੇ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੁੰਦੀਆਂ ਮੌਤਾਂ ਵਿਚ ਮੰਗਲਵਾਰ ਨੂੰ ਪਿਛਲੇ ਤਕਰੀਬਨ 5 ਮਹੀਨਿਆਂ ਦੇ ਵਕਫੇ ਦੌਰਾਨ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਯੂਕੇ ਨੇ ਮੰਗਲਵਾਰ ਨੂੰ 146 ਕੋਵਿਡ ਮੌਤਾਂ ਦਰਜ ਕੀਤੀਆਂ ਜੋ ਕਿ 12 ਮਾਰਚ ਤੋਂ ਬਾਅਦ ਦੀ ਸਭ ਤੋਂ ਵੱਧ ਇਕ ਦਿਨ ਦੀ ਗਿਣਤੀ ਹੈ। ਇਸਦੇ ਨਾਲ ਹੀ ਮੰਗਲਵਾਰ ਨੂੰ ਦੇਸ਼ ਵਿਚ 23,510 ਨਵੇਂ ਕੋਰੋਨਾ ਕੇਸ ਵੀ ਸਾਹਮਣੇ ਆਏ ਹਨ। ਇਹਨਾਂ ਨਵੇਂ ਅੰਕੜਿਆਂ ਨਾਲ ਮੌਤਾਂ ਦੀ ਕੁੱਲ ਗਿਣਤੀ 130,503 ਅਤੇ 6,117,540 ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ।

ਇਸ ਦੇ ਇਲਾਵਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਵੱਲੋਂ ਪ੍ਰਕਾਸ਼ਤ ਵੱਖਰੇ ਅੰਕੜਿਆਂ ਅਨੁਸਾਰ ਯੂਕੇ ਵਿਚ ਤਕਰੀਬਨ 155,000 ਮੌਤਾਂ ਦਰਜ ਹੋਈਆਂ ਹਨ, ਜਿੱਥੇ ਮੌਤ ਦੇ ਸਰਟੀਫਿਕੇਟ ‘ਤੇ ਕੋਵਿਡ-19 ਦਾ ਜ਼ਿਕਰ ਕੀਤਾ ਗਿਆ ਹੈ। ਸਿਹਤ ਮਾਹਰਾਂ ਅਨੁਸਾਰ ਹਫ਼ਤੇ-ਦਰ-ਹਫ਼ਤੇ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਘੱਟ ਹੈ, ਪਰ ਵਾਇਰਸ ਦੇ ਕੇਸ ਵੱਧ ਰਹੇ ਹਨ। ਇਸ ਦੌਰਾਨ, ਯੂਕੇ ਵਿਚ 75% ਤੋਂ ਵੱਧ ਬਾਲਗਾਂ ਨੂੰ ਪੂਰੀ ਤਰ੍ਹਾਂ ਵੈਕਸੀਨ ਲੱਗ ਚੁੱਕੀ ਹੈ ਅਤੇ ਮੰਗਲਵਾਰ ਨੂੰ 137,000 ਲੋਕਾਂ ਨੂੰ ਵੈਕਸੀਨ ਦੀ ਦੂਜੀ ਖ਼ੁਰਾਕ ਦਿੱਤੀ ਗਈ ਹੈ।