UK News

ਯੂਕੇ: ਟਰੱਕ ‘ਚੋਂ ਬਰਾਮਦ ਹੋਏ 12 ਗੈਰ-ਕਾਨੂੰਨੀ ਪ੍ਰਵਾਸੀ

ਗਲਾਸਗੋ/ਲੰਡਨ – ਯੂਕੇ ਵਿਚ ਮੋਟਰਵੇਅ 25 ‘ਤੇ ਪੁਲਸ ਵੱਲੋਂ ਇਕ ਟਰੱਕ ਨੂੰ ਰੋਕ ਕੇ ਗੈਰ-ਕਾਨੂੰਨੀ ਪ੍ਰਵਾਸੀ ਮੰਨੇ ਜਾਂਦੇ 12 ਵਿਅਕਤੀਆਂ ਨੂੰ ਬਰਾਮਦ ਕੀਤਾ ਗਿਆ ਹੈ। ਇਹ ਸਾਰੇ ਪ੍ਰਵਾਸੀ ਟਰੱਕ ਦੇ ਪਿਛਲੇ ਪਾਸੇ ਬੰਦ ਸਨ ਅਤੇ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੇ ਸਨ।

 

ਪੁਲਸ ਨੂੰ ਸਵੇਰੇ 11 ਵਜੇ ਦੇ ਕਰੀਬ ਇਸ ਵਾਹਨ ਬਾਰੇ ਸੂਚਨਾ ਮਿਲੀ ਜਿਸ ਵਿਚ ਪ੍ਰਵਾਸੀ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਸ ਲਈ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਸੇਰਟੀ ਦੇ ਨੇੜੇ ਸੜਕ ‘ਤੇ ਕਈ ਵਾਹਨਾਂ ਨੂੰ ਰੋਕਿਆ। ਇਸ ਟਰੱਕ ਬਾਰੇ ਪੁਲਸ ਕੋਲ ਘੱਟ ਜਾਣਕਾਰੀ ਸੀ, ਜਿਸ ਲਈ ਜ਼ਿਆਦਾ ਵਾਹਨਾਂ ਨੂੰ ਰੋਕਣ ਦੀ ਜ਼ਰੂਰਤ ਹੋਈ।

ਇਸ ਟਰੱਕ ਨੂੰ ਐਂਟੀ-ਕਲਾਕਵਾਇਜ਼ ਕੈਰੇਜਵੇਅ ‘ਤੇ ਸਵੇਰੇ 11.30 ਵਜੇ ਰੋਕਿਆ ਗਿਆ ਅਤੇ ਇਸ ਦੇ ਪਿਛਲੇ ਹਿੱਸੇ ਵਿਚੋਂ 11 ਵਿਅਕਤੀ ਅਤੇ ਇਕ ਔਰਤ ਬਰਾਮਦ ਹੋਏ। ਇਹਨਾਂ ਪ੍ਰਵਾਸੀਆਂ ਨੂੰ ਸੜਕ ਦੇ ਕਿਨਾਰੇ ਪੈਰਾਮੈਡਿਕਸ ਵੱਲੋਂ ਚੈੱਕ ਕਰਨ ਮਗਰੋਂ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਸੀ। ਇਮੀਗ੍ਰੇਸ਼ਨ ਸੇਵਾਵਾਂ ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰਨਗੀਆਂ।