UK News

ਯੂਕੇ: ਪਲਿਮਥ ਗੋਲੀਕਾਂਡ ਦੇ ਹਮਲਾਵਰ ਸਮੇਤ ਮ੍ਰਿਤਕਾਂ ਦੇ ਨਾਮ ਤੇ ਤਸਵੀਰਾਂ ਜਨਤਕ

ਗਲਾਸਗੋ/ ਲੰਡਨ – ਯੂਕੇ ਦੇ ਪਲਿਮਥ ’ਚ ਵੀਰਵਾਰ ਨੂੰ ਇਕ ਸਿਰਫਿਰੇ ਵੱਲੋਂ ਸਮੂਹਿਕ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਹਮਲਾਵਰ ਸਮੇਤ 6 ਲੋਕਾਂ ਦੀ ਮੌਤ ਹੋਈ ਸੀ। ਇਸ ਗੋਲੀਬਾਰੀ ਦੇ ਪੀੜਤਾਂ ’ਚ ਇਕ ਛੋਟੀ ਬੱਚੀ ਵੀ ਸ਼ਾਮਲ ਹੈ। ਮ੍ਰਿਤਕਾਂ ਦੇ ਨਾਮ ਅਤੇ ਤਸਵੀਰਾਂ ਬੰਦੂਕਧਾਰੀ ਹਮਲਾਵਰ ਸਮੇਤ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ।

 

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਦਾ ਨਾਮ ਜੇਕ ਡੇਵਿਸਨ (22) ਹੈ, ਜਿਸਨੇ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਮਾਂ ਮੈਕਸਿਨ ਨੂੰ ਗੋਲੀ ਮਾਰੀ ਅਤੇ ਫਿਰ ਬਾਹਰ ਆ ਕੇ ਚਾਰ ਹੋਰ ਲੋਕਾਂ ਦੀ ਹੱਤਿਆ ਕਰਨ ਉਪਰੰਤ, ਫਿਰ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰੀ। ਇਸ ਹਮਲਾਵਰ ਨੇ ਕੀਹੈਮ ਦੇ ਸ਼ਾਂਤ ਰਿਹਾਇਸ਼ੀ ਇਲਾਕੇ ’ਚ ਪਹਿਲਾਂ ਤਿੰਨ ਸਾਲਾਂ ਦੀ ਬੱਚੀ ਸੋਫੀ ਮਾਰਟਿਨ ਅਤੇ ਉਸਦੇ ਪਿਤਾ ਲੀ ਮਾਰਟਿਨ (43) ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ 59 ਸਾਲਾ ਸਟੀਫਨ ਵਾਸ਼ਿੰਗਟਨ ਅਤੇ 66 ਸਾਲਾ ਕੇਟ ਸ਼ੇਫਰਡ ਨੂੰ ਗੋਲੀ ਮਾਰੀ। ਹਮਲੇ ਦੇ ਸਮੇਂ ਸਟੀਫਨ ਇਸ ਇਲਾਕੇ ’ਚ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਜਦਕਿ ਕੇਟ ਨੂੰ ਗੋਲੀ ਲੱਗਣ ਉਪਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ’ਚ ਮਰਨ ਵਾਲੀ ਛੋਟੀ ਬੱਚੀ ਸੋਫੀ ਨੂੰ ਤਕਰੀਬਨ ਦੋ ਸਾਲ ਪਹਿਲਾਂ ਲੀ ਦੁਆਰਾ ਗੋਦ ਲਿਆ ਗਿਆ ਸੀ। 

 

ਅਧਿਕਾਰੀਆਂ ਅਨੁਸਾਰ ਇਸ ਕਤਲਕਾਂਡ ਦੇ ਦੋਸ਼ੀ ਡੇਵਿਸਨ ਦੀ ਮਾਂ ਨੇ ਇਸ ਕਤਲੇਆਮ ਤੋਂ ਕੁਝ ਮਹੀਨੇ ਪਹਿਲਾਂ ਉਸ ਦੀ ਮਾਨਸਿਕ ਸਿਹਤ ਲਈ ਮਦਦ ਮੰਗਣ ਦੀ ਬੇਨਤੀ ਕੀਤੀ ਸੀ। ਡੇਵਿਸਨ ਦਾ ਇਕ ਯੂਟਿਬ ਚੈਨਲ ਸੀ, ਜਿੱਥੇ ਉਸਨੇ ਔਰਤਾਂ ਦੁਆਰਾ ਨਕਾਰੇ ਜਾਣ ਅਤੇ ਆਪਣੇ ਬੰਦੂਕ ਦੇ ਪਿਆਰ ਬਾਰੇ ਗੱਲ ਕੀਤੀ ਸੀ। ਡੇਵਿਸਨ ਨੇ ਯੂਟਿਊਬ ‘ਤੇ ਬੰਦੂਕਾਂ ਨਾਲ ਜੁੜੇ ਕਈ ਚੈਨਲਾਂ ਨੂੰ ਸਬਸਕਰਾਈਬ ਵੀ ਕੀਤਾ ਹੋਇਆ ਸੀ। ਇਸ ਕਤਲਕਾਂਡ ਦੇ ਸਬੰਧ ’ਚ ਪੁਲਿਸ ਵੱਲੋਂ ਜਾਂਚ ਜਾਰੀ ਹੈ।