UK News

ਯੂਕੇ: ਪੀ.ਐੱਮ. ਬੋਰਿਸ ਜਾਨਸਨ ਦਾ ਇਕਾਂਤਵਾਸ ਖ਼ਤਮ, ਅਪਰਾਧ ਨਾਲ ਨਜਿੱਠਣ ਦੀ ਬਣਾਈ ਨਵੀਂ ਯੋਜਨਾ

ਗਲਾਸਗੋ/ਲੰਡਨ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਸਿਹਤ ਮੰਤਰੀ ਸਾਜਿਦ ਜਾਵਿਦ ਦੇ ਨੇੜਲੇ ਸੰਪਰਕਾਂ ਵਿੱਚ ਹੋਣ ਕਾਰਨ ਇਕਾਂਤਵਾਸ ਹੋਏ ਸਨ। ਉਹਨਾਂ ਨੇ ਮੰਗਲਵਾਰ ਨੂੰ ਆਪਣਾ ਇਕਾਂਤਵਾਸ ਖ਼ਤਮ ਕਰ ਦਿੱਤਾ। ਇਸਦੇ ਨਾਲ ਹੀ ਜਾਨਸਨ ਨੇ ਨਵੀਂ “ਬੀਟਿੰਗ ਕ੍ਰਾਈਮ ਪਲਾਨ” ਨਾਲ ਜੇਲ੍ਹ ਦੀ ਰਿਹਾਈ ਤੋਂ ਬਾਅਦ ਅਪਰਾਧੀਆਂ ਦੀ ਇਲੈਕਟ੍ਰਾਨਿਕ ਟੈਗਿੰਗ ਨਾਲ ਅਪਰਾਧ ਦਰਾਂ ਨੂੰ ਘਟਾਉਣ ਦਾ ਵਾਅਦਾ ਵੀ ਕੀਤਾ ਹੈ। 

 

ਪ੍ਰਧਾਨ ਮੰਤਰੀ ਦੀ ਯੋਜਨਾ ਵਿੱਚ ਸੜਕਾਂ ‘ਤੇ ਵਧੇਰੇ ਪੁਲਸ ਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ ਉਹਨਾਂ ਨੂੰ ਵਧੇਰੇ ਅਸਾਨੀ ਨਾਲ ਸੰਪਰਕ ਕਰਨ ਯੋਗ ਬਣਾਉਣਾ ਵੀ ਸ਼ਾਮਲ ਹੈ। ਇਸਦੇ ਨਾਲ ਹੀ ਐਮਰਜੈਂਸੀ 101 ਅਤੇ 999 ਕਾਲਾਂ ਲਈ ਵੀ ਹਰੇਕ ਖੇਤਰ ਵਿੱਚ ਸੰਪਰਕ ਕਰਨ ਯੋਗ, ਨਾਮਜ਼ਦ ਪੁਲਸ ਅਧਿਕਾਰੀ ਹੋਣਗੇ, ਜੋ ਉਸ ਖੇਤਰ ਨੂੰ ਜਾਣਦੇ ਹੋਣਗੇ। ਇਸ ਯੋਜਨਾ ਵਿੱਚ ਇਲੈਕਟ੍ਰਾਨਿਕ ਨਿਗਰਾਨੀ ਦੀ ਵਰਤੋਂ ਵੀ ਸ਼ਾਮਲ ਹੈ ਤਾਂ ਕਿ ਦੋਸ਼ੀਆਂ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ 24 ਘੰਟੇ ਉਨ੍ਹਾਂ ਦੇ ਠਿਕਾਣਿਆਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਨਵੀਂ ਪਹਿਲ ਨਾਲ ਅਪਰਾਧ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ।