UK News

ਯੂਕੇ ਪੁਲਸ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਾਰੀ ਨੋਟਿਸ ਪੱਤਰ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ‘ਫਰਜ਼ੀ’

ਇੰਟਰਨੈਸ਼ਨਲ ਡੈਸਕ : ਬੀਤੇ ਦਿਨ ਖ਼ਬਰ ਸਾਹਮਣੇ ਆਈ ਸੀ ਕਿ ਯੂਕੇ ਪੁਲਸ ਵਿਭਾਗ ਵੱਲੋਂ ਇਕ ਗੁਰਦੁਆਰੇ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਪੱਤਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕਾ ਹੈ। ਭਾਵੇਂਕਿ ਇਸ ਪੱਤਰ ਦੀ ਸੱਚਾਈ ਬਾਰੇ ਗੁਰੂਦੁਆਰਾ ਪ੍ਰਬੰਧਨ ਅਧਿਕਾਰੀਆਂ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਇਸ ਪੱਤਰ ਨੂੰ ਫਰਜ਼ੀ ਦੱਸਿਆ ਗਿਆ ਹੈ। ਹਾਲਾਂਕਿ, ਗੁਰਦੁਆਰਾ ਪ੍ਰਬੰਧਕਾਂ ਨੇ ਅਧਿਕਾਰੀਆਂ ਵੱਲੋਂ ਕੋਈ ਪੱਤਰ ਮਿਲਣ ਤੋਂ ਇਨਕਾਰ ਕੀਤਾ ਗਿਆ ਹੈ।

14 ਸਤੰਬਰ ਨੂੰ ACRO ਕ੍ਰਿਮੀਨਲ ਰਿਕਾਰਡਜ਼ ਦਫਤਰ, ਯੂਕੇ ਦੇ ਲੈਟਰਹੈੱਡ ‘ਤੇ ਗੁਰੂ ਨਾਨਕ ਗੁਰਦੁਆਰਾ ਵੇਡਨੇਸਫੀਲਡ, ਵੋਲਵਰਹੈਂਪਟਨ, ਯੂਕੇ ਦੇ ਟਰੱਸਟੀਆਂ ਨੂੰ ਕਥਿਤ ਤੌਰ’ ਤੇ ਲਿਖੇ ਗਏ ਇੱਕ ਪੱਤਰ ਵਿਚ ਜ਼ਿਕਰ ਕੀਤਾ ਗਿਆ ਸੀ ਕਿ “ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਤੁਹਾਡੀ ਸੰਸਥਾ ਦੁਆਰਾ ਆਯੋਜਿਤ ਇਕ ਸਮਾਗਮ ਵਿਚ 12 ਸਤੰਬਰ ਨੂੰ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਮੂਲੀਅਤ ਕੀਤੀ। ਉਹ ਭਾਰਤ ਤੋਂ ਯੂਕੇ ਪਹੁੰਚੇ ਸਨ। ਸਿੰਘ ਨੇ ਕੋਰੋਨਾ ਵਾਇਰਸ ਨਿਯਮਾਂ ਦੇ ਅਧੀਨ ਘੱਟੋ ਘੱਟ 10 ਦਿਨਾਂ ਲਈ ਸਵੈ-ਅਲੱਗ-ਥਲੱਗ ਰਹਿਣਾ ਸੀ।” ਪੱਤਰ ਵਿਚ ਅੱਗੇ ਲਿਖਿਆ ਗਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ 10,000 ਪੌਂਡ ਤੱਕ ਦੇ ਜੁਰਮਾਨੇ ਦੀ ਸਜ਼ਾ ਹੋਵੇਗੀ।

ਗੁਰੂ ਨਾਨਕ ਗੁਰਦੁਆਰਾ, ਵੁਲਵਰਹੈਂਪਟਨ ਦੇ ਅਜਿਹੇ ਕਿਸੇ ਵੀ ਪੱਤਰ ਦੀ ਪ੍ਰਾਪਤੀ ਤੋਂ ਇਨਕਾਰ ਕਰਦਿਆਂ, ਸਕੱਤਰ ਪਰਮਜੀਤ ਸਿੰਘ ਢਾਡੀ ਨੇ ਬੁੱਧਵਾਰ ਨੂੰ ਕਿਹਾ,“ਇਹ ਇੱਕ ਜਾਅਲੀ ਪੱਤਰ ਹੈ।” ਉਹਨਾਂ ਨੇ ਕਿਹਾ,”ਪਹਿਲਾਂ ਵੀ ਇਹ ਖ਼ਬਰ ਫੈਲਾਈ ਗਈ ਸੀ ਕਿ ਗੁਰਦੁਆਰੇ ਦੇ ਅੰਦਰ ਹੌਲਦਾਰ ਈਸ਼ਰ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ। ਅਸਲ ਵਿੱਚ, ਇਹ ਸਰਕਾਰੀ ਜ਼ਮੀਨ ‘ਤੇ ਸਥਾਪਤ ਕੀਤਾ ਗਿਆ ਹੈ।” ਗੌਰਤਲਬ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਕੁਝ ਦਿਨ ਪਹਿਲਾਂ ਗੁਰੂ ਨਾਨਕ ਗੁਰਦੁਆਰਾ, ਵੁਲਵਰਹੈਂਪਟਨ ਦੇ ਨੇੜੇ ਸਾਰਾਗੜ੍ਹੀ ਦੇ ਨਾਇਕ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਸੀ।

ਯੂਕੇ ਵਿਚ ਹੁਣ ਫੇਸ ਮਾਸਕ ਨਿਯਮ ਜਾਂ ਸਮਾਜਕ ਦੂਰੀਆਂ ਦੇ ਨਿਯਮ ਨਹੀਂ ਹਨ। ਇਹ ਸਾਰੇ ਨਿਯਮ 19 ਜੁਲਾਈ ਨੂੰ ਹਟਾ ਦਿੱਤੇ ਗਏ ਸਨ। ਜੱਥੇਦਾਰ ਨੇ ਅੰਬਰ ਦੇਸ਼ (ਭਾਰਤ) ਤੋਂ ਆਉਣ ਲਈ ਸਵੈ-ਅਲੱਗ-ਥਲੱਗ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਉਸਨੇ 10 ਦਿਨਾਂ ਲਈ ਘਰੇਲੂ ਇਕਾਂਤਵਾਸ ਨਹੀਂ ਰੱਖਿਆ ਕਿਉਂਕਿ ਅਜਿਹਾ ਕਰਨਾ ਕਾਨੂੰਨੀ ਤੌਰ ‘ਤੇ ਲਾਮਜ਼ੀ ਨਹੀਂ ਸੀ। ਵੈਡਨਸਫੀਲਡ ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਸਿੰਘ,ਜਿਸਨੇ ਬੁੱਤ ਪ੍ਰਾਜੈਕਟ ਦੀ ਅਗਵਾਈ ਕੀਤੀ ਸੀ, ਨੇ ਕਿਹਾ, “ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ  ACRO ਇਸ ਤਰੀਕੇ ਨਾਲ ਸੰਵਾਦ ਨਹੀਂ ਕਰਦਾ। ਜੇਕਰ ਤੁਸੀਂ ਇਹਨਾਂ ਅੱਖਰਾਂ ਨੂੰ ਨੇੜਿਓਂ ਵੇਖਦੇ ਹੋ ਤਾਂ ਤੁਸੀਂ ਸਪੈਲਿੰਗ ਗਲਤੀਆਂ ਵੇਖੋਗੇ। ਅਫ਼ਸੋਸ ਦੀ ਗੱਲ ਹੈ ਕਿ ਮੈਨੂੰ ਲਗਦਾ ਹੈ ਕਿ ਕੁਝ ਲੋਕ ਇਸ ਸਾਰਾਗੜ੍ਹੀ ਸਮਾਰਕ ਦੀ ਸਫਲਤਾ ਤੋਂ ਖੁਸ਼ ਨਹੀਂ ਹਨ ਅਤੇ ਇਸ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ” ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਅੱਜ ਤੱਕ  ACRO ਵੱਲੋਂ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਓੁਹਨਾਂ ਨੇ ਕਿਹਾ,”ਇਹ ਸ਼ਾਇਦ ਇੱਕ ਧੋਖਾ ਹੈ।”