UK News

ਯੂਕੇ: ਪ੍ਰਮੁੱਖ ਬਰਾਡਾਂ ਦੇ ਨਾਮ ਹੇਠ ਵੇਚਿਆ ਜਾ ਰਿਹਾ ਲੱਖਾਂ ਪੌਂਡ ਦਾ ਨਕਲੀ ਸਮਾਨ ਜ਼ਬਤ

ਗਲਾਸਗੋ/ਸਮੈਦਿਕ:  ਯੂਕੇ ਦੇ ਸ਼ਹਿਰ ਸਮੈਦਿਕ ਦੀ ਇੱਕ ਦੁਕਾਨ ਵਿੱਚੋਂ ਵੱਖ-ਵੱਖ ਪ੍ਰਮੁੱਖ ਬਰਾਡਾਂ ਦੇ ਨਾਮ ਦੀ ਆੜ ਹੇਠ ਵੇਚਿਆ ਜਾ ਰਿਹਾ ਤਕਰੀਬਨ 1 ਮਿਲੀਅਨ ਪੌਂਡ ਦਾ ਨਕਲੀ ਸਮਾਨ ਜ਼ਬਤ ਕੀਤਾ ਗਿਆ ਹੈ। ਪ੍ਰਸਿੱਧ ਬਰਾਂਡ ਜਿਵੇ ਕਿ ਗੁਚੀ, ਲੂਇਸ ਵਿਟਨ ਅਤੇ ਬੀ ਐਮ ਡਬਲਯੂ ਆਦਿ ਦੇ ਨਾਮ ਵਾਲਾ ਸਮਾਨ ਸੈਂਡਵੈਲ ਟ੍ਰੇਡਿੰਗ ਸਟੈਂਡਰਡਜ਼ ਨੇ ਵੈਸਟ ਮਿਡਲੈਂਡਸ ਪੁਲਸ ਨਾਲ ਮਿਲ ਕੇ ਕੀਤੀ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਗਿਆ। 

ਇਸ ਛਾਪੇਮਾਰੀ ਦੌਰਾਨ ਸਮੈਦਿਕ ਦੀ ਦੁਕਾਨ ਤੋਂ ਨਕਲੀ ਡਿਜ਼ਾਈਨਰ ਸਮਾਨ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ। ਪੁਲਸ ਅਨੁਸਾਰ  ਵੱਖ-ਵੱਖ ਸਮਾਨ ਦੇ ਕੁੱਲ ਮਿਲਾ ਕੇ 49 ਤੋਂ ਜ਼ਿਆਦਾ ਬੈਗ ਜ਼ਬਤ ਕੀਤੇ ਗਏ ਅਤੇ ਇਸ ਸਮਾਨ ਵਿੱਚ ਤੰਬਾਕੂ, ਕੱਪੜੇ, ਕਈ ਤਰ੍ਹਾਂ ਦੇ ਉਪਕਰਣ ਅਤੇ ਹੋਰ ਘਰੇਲੂ ਸਾਮਾਨ ਸ਼ਾਮਲ ਸੀ। ਦੁਕਾਨ ਵੱਲੋਂ ਇਹਨਾਂ ਚੀਜਾਂ ਦਾ ਉੱਚ-ਦਰਜੇ ਦੇ ਬ੍ਰਾਂਡਾਂ ਤੋਂ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ। ਪੁਲਸ ਅਨੁਸਾਰ ਬਰਾਮਦ ਕੀਤੇ ਸਮਾਨ ਦੀ ਅੰਦਾਜਨ ਕੀਮਤ 1 ਮਿਲੀਅਨ ਪੌਂਡ ਤੋਂ ਵੱਧ ਹੈ। ਜ਼ਬਤ ਕੀਤਾ ਸਮਾਨ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸਦੀ ਢੋਆ ਢੁਆਈ ਲਈ ਤਿੰਨ ਪੁਲਸ ਕੇਜ ਵੈਨਾਂ ਅਤੇ ਇੱਕ ਕਾਰ ਦੀ ਜ਼ਰੂਰਤ ਪਈ।