UK News

ਯੂਕੇ: ਭਾਰਤੀ ਕੋਰੋਨਾ ਵਾਇਰਸ ਦੇ ਰੂਪਾਂ ਕਾਰਨ ਤਾਲਾਬੰਦੀ ਖਾਤਮੇ ‘ਚ ਹੋ ਸਕਦੀ ਹੈ ਦੇਰੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਮੌਜੂਦਾ ਸਮੇਂ ਕੋਰੋਨਾ ਵਾਇਰਸ ਤਾਲਾਬੰਦੀ ਵਿੱਚੋਂ ਪੜਾਅਵਾਰ ਬਾਹਰ ਨਿਕਲ ਰਿਹਾ ਹੈ। ਕੋਰੋਨਾ ਵਾਇਰਸ ਦੇ ਕੌਮੀ ਪੱਧਰ ‘ਤੇ ਘਟ ਰਹੇ ਮਾਮਲਿਆਂ ਅਤੇ ਟੀਕਾਕਰਨ ਕਰਕੇ ਸਰਕਾਰ ਦੁਆਰਾ ਅਗਲੇ ਮਹੀਨੇ ਤੱਕ ਸਾਰੀਆਂ ਤਾਲਾਬੰਦੀ ਪਾਬੰਦੀਆਂ ਨੂੰ ਖਤਮ ਕਰਨ ਦੀ ਉਮੀਦ ਹੈ ਪਰ ਸਿਹਤ ਵਿਗਿਆਨੀਆਂ ਨੂੰ ਖਦਸ਼ਾ ਹੈ ਕਿ ਕੋਰੋਨਾ ਵਾਇਰਸ ਦੇ ਭਾਰਤੀ ਰੂਪਾਂ ਦੇ ਮਾਮਲੇ ਸਾਹਮਣੇ ਆਉਣ ਕਾਰਨ ਤਾਲਾਬੰਦੀ ਤੋਂ ਮੁਕਤੀ ਦੇ ਅੰਤਿਮ ਯੋਜਨਾਬੱਧ ਪੜਾਅ ਵਿੱਚ ਦੇਰੀ ਹੋ ਸਕਦੀ ਹੈ। ਇਹਨਾਂ ਰੂਪਾਂ ਦੀ ਆਮਦ ਇੱਕ ਹਫ਼ਤੇ ਵਿੱਚ ਤਿੰਨ ਗੁਣਾ ਵੱਧ ਦੇਖੀ ਗਈ ਹੈ। 

 

ਇਸ ਲਈ ਸਰਕਾਰ ਦੀ ਵਿਗਿਆਨਕ ਸਲਾਹਕਾਰ ਕਮੇਟੀ ‘ਸੇਜ’ ਦੇ ਮੈਂਬਰਾਂ ਨੂੰ ਖਤਰੇ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਇੱਕ ਜ਼ਰੂਰੀ ਮੀਟਿੰਗ ਵਿੱਚ ਬੁਲਾਇਆ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਵਾਇਰਸ ਦੇ ਨਵੇਂ ਰੂਪ ਹੋਰ ਫੈਲਦੇ ਹਨ ਤਾਂ ਸਰਦੀਆਂ ਵਿੱਚ ਵਧੇਰੇ ਦੁੱਖ ਝੱਲਣੇ ਪੈ ਸਕਦੇ ਹਨ। ਵੀਰਵਾਰ ਨੂੰ ਜਾਰੀ ਹੋਣ ਵਾਲੇ ਅੰਕੜਿਆਂ ਵਿੱਚ ਬੀ 1617.2 ਦੇ ਤਕਰੀਬਨ 1,723 ਮਾਮਲਿਆਂ ਦੀ ਪੁਸ਼ਟੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਕਿ ਭਾਰਤੀ ਵਾਇਰਸ ਰੂਪ ਦੇ ਤਿੰਨ ਪ੍ਰਸਾਰਾਂ ਵਿੱਚੋਂ ਇੱਕ ਹੈ।