UK News

ਯੂਕੇ ਵੱਲੋਂ ਇਸ ਹਫ਼ਤੇ ਗ਼ਰੀਬ ਦੇਸ਼ਾਂ ‘ਚ ਭੇਜੀਆਂ ਜਾਣਗੀਆਂ ਕੋਰੋਨਾ ਵੈਕਸੀਨ ਦੀਆਂ 9 ਮਿਲੀਅਨ ਖ਼ੁਰਾਕਾਂ

ਗਲਾਸਗੋ/ਲੰਡਨ- ਯੂਕੇ ਵੱਲੋਂ ਇਸ ਹਫ਼ਤੇ ਗ਼ਰੀਬ ਦੇਸ਼ਾਂ ਲਈ 9 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਯੂ.ਕੇ. ਦੇ ਵਿਦੇਸ਼ ਸਕੱਤਰ, ਡੋਮੀਨਿਕ ਰਾਬ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਯੂ.ਕੇ. ਵੱਲੋਂ ਮਹਾਮਾਰੀ ਨੂੰ ਖ਼ਤਮ ਕਰਨ ਲਈ ਘੱਟ ਆਮਦਨੀ ਵਾਲੇ ਮੁਲਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਯੂ.ਕੇ. ਵੱਲੋਂ ਕੋਵਿਡ -19 ਟੀਕਿਆਂ ਦੀ ਵਿਸ਼ਵਵਿਆਪੀ ਵੰਡ ਦੀ ਸਕੀਮ ਕੋਵੈਕਸ ਨੂੰ ਪੰਜ ਮਿਲੀਅਨ ਖ਼ੁਰਾਕਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਤੁਰੰਤ ਇਕ ਅਲਾਟਮੈਂਟ ਪ੍ਰਣਾਲੀ ਰਾਹੀਂ ਵੰਡਿਆ ਜਾਵੇਗਾ ਜੋ ਉਨ੍ਹਾਂ ਦੇਸ਼ਾਂ ਨੂੰ ਟੀਕੇ ਪਹੁੰਚਾਉਣ ਨੂੰ ਤਰਜੀਹ ਦਿੰਦੀ ਹੈ, ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਹੈ।

ਇਸ ਤੋਂ ਇਲਾਵਾ ਹੋਰ 4 ਮਿਲੀਅਨ ਖ਼ੁਰਾਕਾਂ ਸਿੱਧੇ ਤੌਰ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ, ਜਿਸ ਤਹਿਤ ਇੰਡੋਨੇਸ਼ੀਆ ਨੂੰ 600,000 ਖ਼ੁਰਾਕਾਂ, ਜਮੈਕਾ ਨੂੰ 300,000 ਅਤੇ ਕੀਨੀਆ ਨੂੰ 817,000 ਖ਼ੁਰਾਕਾਂ ਵੰਡੀਆਂ ਜਾਣਗੀਆਂ। ਯੂ.ਕੇ. ਵੱਲੋਂ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਵੱਲੋਂ ਬਣਾਈ ਵੈਕਸੀਨ ਇਹਨਾਂ ਦੇਸ਼ਾਂ ਵਿਚ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੈਕਸੀਨ ਦੀਆਂ 100 ਮਿਲੀਅਨ ਖ਼ੁਰਾਕਾਂ ਦਾਨ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਹ 9 ਮਿਲੀਅਨ ਖ਼ੁਰਾਕਾਂ ਉਸ ਦਾ ਪਹਿਲਾ ਹਿੱਸਾ ਹਨ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਅਨੁਸਾਰ 100 ਮਿਲੀਅਨ ਖ਼ੁਰਾਕਾਂ ਵਿਚੋਂ ਬਾਕੀ ਬਚੀਆਂ ਖ਼ੁਰਾਕਾਂ ਕੋਵੈਕਸ ਰਾਹੀਂ ਅਤੇ ਸਿੱਧੀਆਂ ਹੀ ਲੋੜੀਂਦੇ ਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।