World

ਯੂਕੇ: ਸੁਪਰਮਾਰਕੀਟ ਟੈਸਕੋ ਨੂੰ ਲੰਘੀ ਤਰੀਕ ਵਾਲਾ ਭੋਜਨ ਵੇਚਣ ‘ਤੇ ਲੱਗਾ 7.5 ਮਿਲੀਅਨ ਪੌਂਡ ਦਾ ਜੁਰਮਾਨਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਸੁਪਰ ਮਾਰਕੀਟ ਚੇਨ ਟੈਸਕੋ ਨੂੰ ਉਸ ਦੇ ਤਿੰਨ ਸਟੋਰਾਂ ‘ਤੇ ਲੰਘੀ ਹੋਈ ਤਰੀਕ ਵਾਲਾ ਪੁਰਾਣਾ ਭੋਜਨ ਵੇਚਣ ‘ਤੇ 7.56 ਮਿਲੀਅਨ ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਸੁਪਰ ਮਾਰਕੀਟ ਚੇਨ ਨੂੰ ਬਰਮਿੰਘਮ ਮੈਜਿਸਟ੍ਰੇਟ ਦੀ ਅਦਾਲਤ ਵਿਚ ਇਕ ਜੱਜ ਨੇ ਇਹ ਜੁਰਮਾਨਾ ਕੀਤਾ ਅਤੇ ਨਾਲ ਹੀ ਉਸ ਨੂੰ ਮੁਕੱਦਮਾ ਕੀਮਤ 95,500 ਪੌਂਡ ਦਾ ਭੁਗਤਾਨ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ।

ਬਰਮਿੰਘਮ ਸਿਟੀ ਕੌਂਸਲ ਨੇ ਕਿਹਾ ਕਿ ਕਰਿਆਨੇ ਦੀ ਕੰਪਨੀ ਨੂੰ 170 ਪੌਂਡ ਦਾ ਇਕ ਪੀੜਤ ਸਰਚਾਰਜ ਵੀ ਅਦਾ ਕਰਨਾ ਪੈਣਾ ਹੈ। ਟੇਸਕੋ ਦੁਆਰਾ ਸਾਲ 2016 ਅਤੇ 2017 ਦੇ ਵਿਚਕਾਰ ਭੋਜਨ ਸੁਰੱਖਿਆ ਅਤੇ ਸਫਾਈ ਨਿਯਮਾਂ ਦੀ 22 ਵਾਰ ਉਲੰਘਣਾ ਕਰਨ ਤੋਂ ਬਾਅਦ ਜੁਰਮਾਨਾ ਲਗਾਇਆ ਗਿਆ ਹੈ। ਸਥਾਨਕ ਅਥਾਰਟੀ ਵੱਲੋਂ ਲੰਘੀ ਹੋਈ ਤਰੀਕ ਵਾਲਾ ਖਾਣਾ ਵੇਚਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਿਟੀ ਕੌਂਸਲ ਦੇ ਵਾਤਾਵਰਣ ਸਿਹਤ ਵਿਭਾਗ ਵੱਲੋਂ ਇਸਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਫੂਡ ਇੰਸਪੈਕਟਰਾਂ ਨੇ ਬਰਮਿੰਘਮ ਵਿਚ ਕੰਪਨੀ ਦੇ ਤਿੰਨ ਸਥਾਨਾਂ ਦਾ ਦੌਰਾ ਕੀਤਾ।

ਉਨ੍ਹਾਂ ਨੂੰ ਦੋ ਟੈਸਕੋ ਐਕਸਪ੍ਰੈਸ ਸਟੋਰਾਂ ‘ਤੇ ਲੰਘੀ ਹੋਈ ਤਰੀਕ ਵਾਲੀਆਂ ਚੀਜ਼ਾਂ ਮਿਲੀਆਂ। ਟੈਸਕੋ ਦੇ ਇਕ ਬੁਲਾਰੇ ਨੇ ਸਾਲ 2016/17 ਵਿਚ ਤਿੰਨ ਸਟੋਰਾਂ ਵਿਚ ਪੁਰਾਣੇ ਉਤਪਾਦਾਂ ਦੀ ਵਿਕਰੀ ਲਈ ਅਫਸੋਸ ਪ੍ਰਗਟ ਕੀਤਾ ਹੈ।