UK News

ਯੂਕੇ: ਸੈਕੰਡਰੀ ਸਕੂਲ ਵਿਦਿਆਰਥੀਆਂ ‘ਚ ਵਧ ਰਹੀਆਂ ਹਨ ਕੋਵਿਡ ਦਰਾਂ

ਗਲਾਸਗੋ/ ਲੰਡਨ – ਯੂਕੇ ‘ਚ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ. ਐੱਨ. ਐੱਸ.) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਕੰਡਰੀ ਸਕੂਲਾਂ ‘ਚ ਕੋਵਿਡ-19 ਦੀਆਂ ਦਰਾਂ ਵਧ ਰਹੀਆਂ ਹਨ। ਅੰਕੜਿਆਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਦੇ ਨਤੀਜਿਆਂ ਦੇ ਨਾਲ ਸਕੂਲੀ ਸਾਲ 7 ਅਤੇ 11 (11 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ) ਦੀ ਪ੍ਰਤੀਸ਼ਤਤਾ 11 ਸਤੰਬਰ ਨੂੰ ਵਧ ਕੇ 2.74 ਪ੍ਰਤੀਸ਼ਤ ਹੋ ਗਈ ਹੈ। ਓ. ਐੱਨ. ਐੱਸ. ਡਾਟਾਬੇਸ ਅਨੁਸਾਰ ਹਰ 35 ਵਿਦਿਆਰਥੀਆਂ ਵਿੱਚੋਂ 1 ਨੂੰ ਕੋਵਿਡ-19 ਹੈ। ਇਸ ਦੇ ਬਾਅਦ ਸਕੂਲ ਸਾਲ 12 ਤੋਂ ਵਧੇਰੇ ਉਮਰ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿਚ 45 ਵਿੱਚੋਂ 1 ਨੂੰ ਕੋਵਿਡ ਹੈ। 


ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ‘ਚ ਵਾਇਰਸ ਦੀ ਲਾਗ ਦਾ ਵਾਧਾ ਚਿੰਤਾਜਨਕ ਹੈ ਤੇ ਇਸ ਲਈ ਸਾਵਧਾਨੀਆਂ ਜ਼ਰੂਰੀ ਹਨ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੰਗਲੈਂਡ ‘ਚ ਹਰ 80 ਲੋਕਾਂ ਵਿੱਚੋਂ ਇੱਕ ਨੂੰ 11 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਕੋਵਿਡ ਸੀ। ਇਹਨਾਂ ਅੰਕੜਿਆਂ ‘ਚ ਉਸ ਨਾਲੋਂ ਪਿਛਲੇ ਹਫਤੇ ਦੇ ਮੁਕਾਬਲੇ ਥੋੜ੍ਹੀ ਜਿਹੀ ਗਿਰਾਵਟ ਦਰਜ਼ ਹੋਈ ਹੈ ਪਰ ਇੰਗਲੈਂਡ ‘ਚ ਲਾਗ ਦੀ ਦਰ ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੀ ਦਰ ਨਾਲੋਂ ਵੱਧ ਸੀ। ਇਸ ਸਬੰਧ ਵਿੱਚ ਓ. ਐੱਨ. ਐੱਸ. ਦਾ ਅਗਲਾ ਕੋਰੋਨਾ ਵਾਇਰਸ ਇਨਫੈਕਸ਼ਨ ਸਰਵੇਖਣ 24 ਸਤੰਬਰ ਨੂੰ ਹੋਵੇਗਾ।