UK News

ਯੂਕੇ : ਸੰਸਦ ਮੈਂਬਰ ਨੇ ਪੈਗੰਬਰ ਮੁਹੰਮਦ ਦੇ ਸਨਮਾਨ ਦੀ ਰੱਖਿਆ ਲਈ ‘ਕਾਨੂੰਨ’ ਬਣਾਉਣ ਦੀ ਕੀਤੀ ਮੰਗ

ਲੰਡਨ : ਬ੍ਰਿਟੇਨ ਵਿਚ ਵਿਰੋਧੀ ਲੇਬਰ ਪਾਰਟੀ ਦੀ ਇਕ ਸਾਂਸਦ ਨੇ ਜਜ਼ਬਾਤੀ ਭਾਸ਼ਣ ਵਿਚ ਕਿਹਾ ਕਿ ਮੁਸਲਿਮਾਂ ਦੇ ਪੈਗੰਬਰ ਮੁਹੰਮਦ ਨਾਲ ਸਬੰਧਤ ਅਪਮਾਨਜਨਕ ਸਮਗੱਰੀ ਪ੍ਰਕਾਸ਼ਿਤ ਕੀਤੇ ਜਾਣ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਸੰਸਦ ਮੈਂਬਰ ਨਾਜ਼ ਸ਼ਾਹ ਨੇ ਹਾਊਸ ਆਫ ਕਾਮਨਜ਼ ਵਿਚ ਕਿਹਾ ਕਿ ਯੂਰਪ ਵਿਚ ਹਾਲ ਹੀ ਵਿਚ ਅਜਿਹੇ ਅਪਮਾਨਜ਼ਨਕ ਕਾਰਟੂਨ ਅਤੇ ਨਕਸ਼ੇ ਪ੍ਰਕਾਸ਼ਿਤ ਕੀਤੇ ਗਏ ਜਿਸ ਨਾਲ ਦੁਨੀਆ ਭਰ ਵਿਚ ਮੁਸਲਿਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਨਾਜ਼ ਸ਼ਾਹ ਬ੍ਰਿਟੇਨ ਦੇ ਪ੍ਰਸਤਾਵਿਤ ਕਾਨੂੰਨ ‘ਤੇ ਬਹਿਸ ਦੌਰਾਨ ਬੋਲ ਰਹੀ ਸੀ। ਇਸ ਪ੍ਰਸਤਾਵਿਤ ਕਾਨੂੰਨ ਵਿਚ ਮੂਰਤੀਆਂ ਵਿਚ ਭੰਨ-ਤੋੜ ਕੀਤੇ ਜਾਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਦੀ ਵਿਵਸਥਾ ਹੈ। ਕਾਨੂੰਨ ਦਾ ਉਦੇਸ਼ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਹੋਣ ਵਾਲੇ ਭਾਵਨਾਤਮਕ ਨੁਕਸਾਨ ਨੂੰ ਰੋਕਣਾ ਹੈ। ਜੇਕਰ ਇਹ ਕਾਨੂੰਨ ਪਾਸ ਹੁੰਦਾ ਹੈ ਤਾਂ ਮੂਰਤੀਆਂ ‘ਤੇ ਹਮਲਾ ਜਾਂ ਭੰਨ-ਤੋੜ ਦਾ ਕਿਸੇ ‘ਤੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ 10 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਜਾ ਸਕੇਗੀ। ਨਾਜ਼ ਸ਼ਾਹ ਨੇ ਕਿਸੇ ਮੂਰਤੀ ‘ਤੇ ਹਮਲੇ ਸੰਬੰਧੀ ਇਸ ਸਜ਼ਾ ਨੂੰ ਕਾਫੀ ਸਖ਼ਤ ਦੱਸਿਆ।
ਨਾਜ਼ ਸ਼ਾਹ ਨੇ ਸਵਾਲ ਕੀਤਾ ਕਿ ਕਿਉਂ ਇਕ ਵਿਅਕਤੀ ਨੂੰ ਪੱਥਰ ਜਾਂ ਲੋਹੇ ਦੀ ਮੂਰਤੀ ‘ਤੇ ਹਮਲਾ ਕਰਨ ਦੀ ਸਜ਼ਾ ਇਕ ਆਮ ਪੱਥਰ ਦੀ ਕੰਧ ਜਾਂ ਲੋਹੇ ਦੇ ਗੇਟ ਨੂੰ ਨੁਕਸਾਨ ਤੋਂ ਵੱਧ ਹੋਣੀ ਚਾਹੀਦੀ ਹੈ। ਜਦਕਿ ਭੌਤਿਕ ਤੌਰ ‘ਤੇ ਦੇਖਿਆ ਜਾਵੇਂ ਤਾਂ ਦੋਵੇਂ ਇਕੋ ਜਿਹੇ ਕੰਮ ਹਨ।

ਲੇਬਰ ਪਾਰਟੀ ਦੀ ਸਾਂਸਦ ਨੇ ਅੱਗੇ ਕਿਹਾ,”ਜਦੋਂ ਕੱਟੜਪੰਥੀ ਅਤੇ ਨਸਲਵਾਦੀ ਸਾਡੇ ਪੈਗੰਬਰ ਦਾ ਅਪਮਾਨ ਕਰਦੇ ਹਨ ਜਾਂ ਇਤਰਾਜ਼ਯੋਗ ਸ਼ਬਦ ਕਹਿੰਦੇ ਹਨ ਤਾਂ ਇਹ ਕੁਝ ਅਜਿਹਾ ਹੀ ਹੈ ਜਿਵੇਂ ਕੁਝ ਲੋਕ ਚਰਚਿਲ ਨਾਲ ਕਰਦੇ ਹਨ। ਇਸ ਨਾਲ ਸਾਡੇ ਦਿਲਾਂ ਨੂੰ ਹੋਣ ਵਾਲਾ ਭਾਵਨਾਤਮਕ ਨੁਕਸਾਨ ਨਾਸਹਿਣਯੋਗ ਹੁੰਦਾ ਹੈ।” ਨਾਜ਼ ਸ਼ਾਹ ਨੇ ਜ਼ੋਰ ਦੇ ਕਿਹਾ ਕਿ ਦੋ ਅਰਬ ਮੁਸਲਿਮਾਂ ਲਈ ਉਹ ਆਗੂ ਹਨ ਜਿਹਨਾਂ ਨੂੰ ਅਸੀਂ ਆਪਣੇ ਦਿਲਾਂ ਵਿਚ ਯਾਦ ਰੱਖਦੇ ਹਾਂ। ਆਪਣੇ ਜੀਵਨ ਵਿਚ ਸਨਮਾਨ ਦਿੰਦੇ ਹਾਂ। ਉਹ ਸਾਡੀ ਪਛਾਣ ਅਤੇ ਵਜੂਦ ਦੇ ਆਧਾਰ ਹਨ। ਜਿਵੇਂ ਕਿ ਇਹ ਨਵਾਂ ਕਾਨੂੰਨ ਯੂਕੇ ਦੀ ਇਤਿਹਾਸਿਕ ਹਸਤੀਆਂ (ਮੂਰਤੀਆਂ) ਦੀ ਸੁਰੱਖਿਆ ਲਈ ਹੈ ਉਵੇਂ ਹੀ ਸੁਰੱਖਿਆ ਹੋਰ ਭਾਈਚਾਰਿਆਂ ਦੇ ਸਨਮਾਨਿਤਾਂ ਲਈ ਵੀ ਯਕੀਨੀ ਕਰਨੀ ਚਾਹੀਦੀ ਹੈ।”

ਨਾਜ਼ ਨੇ ਯੂਕੇ ਇਤਿਹਾਸ ਦੇ ਸਮਾਰਕਾਂ ਦੇ ਮਹੱਤਵ ਅਤੇ ਅਤੇ ਪ੍ਰਤੀਕਵਾਦ ਦਾ ਸਮਰਥਨ ਕੀਤਾ। ਹਾਊਸ ਆਫ ਕਾਮਨਜ਼ ਵਿਚ ਨਾਜ਼ ਨੇ ਕਿਹਾ,”ਉਹਨਾਂ ਲੋਕਾਂ ਲਈ ਜਿਹਨਾਂ ਲਈ ਉਹ ਸਿਰਫ ਕਾਰਟੂਨ ਹਨ, ਮੈਂ ਇਹ ਨਹੀਂ ਕਹਾਂਗੀ ਉਹ ਸਿਰਫ ਮੂਰਤੀ ਹਨ ਕਿਉਂਕਿ ਮੈਂ ਉਸ ਬ੍ਰਿਟਿਸ਼ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਜੋ ਇੱਥੋਂ ਦੇ ਇਤਿਹਾਸ, ਸਾਡੀ ਸੰਸਕ੍ਰਿਤੀ ਅਤੇ ਸਾਡੀ ਪਛਾਣ ਨਾਲ ਜੁੜੀ ਹੈ। ਇਹ ਸਿਰਫ ਕਾਰਟੂਨ ਨਹੀਂ ਹੈ ਅਤੇ ਉਹ ਸਿਰਫ ਮੂਰਤੀਆਂ ਨਹੀਂ ਹਨ ਇਹ ਸਾਡੇ ਜਿਹੇ ਇਨਸਾਨਾਂ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ।” ਨਾਜ਼ ਨੇ ਮਸ਼ਹੂਰ ਲੇਖਕ ਜੌਰਜ ਬਰਨਾਡ ਸ਼ਾਹ ਦਾ ਵੀ ਹਵਾਲਾ ਦਿਤਾ, ਜਿਹਨਾਂ ਨੇ ਪੈਗੰਬਰ ਮੁਹੰਮਦ ਲਈ ਕਿਹਾ ਸੀ ਕਿ ਉਹ ਇਸ ਧਰਤੀ ‘ਤੇ ਕਦੇ ਵੀ ਕਦਮ ਰੱਖਣ ਵਾਲੇ ਵਿਅਕਤੀਆਂ ਵਿਚ ਸਭ ਤੋਂ ਅਸਧਾਰਨ ਸਨ। ਉਹਨਾਂ ਨੇ ਇਕ ਧਰਮ ਦਾ ਉਪਦੇਸ਼ ਦਿੱਤਾ।ਇਕ ਸਟੇਟ ਬਣਾਈ, ਨੈਤਿਕਤਾ ਦਾ ਕੋਡ ਬਣਾਇਆ। ਕਈ ਸਮਾਜਿਕ ਅਤੇ ਰਾਜਨੀਤਕ ਸੁਧਾਰ ਸ਼ੁਰੂ ਕੀਤੇ। ਤਾਕਤਵਰ ਅਤੇ ਗਤੀਸ਼ੀਲ ਸਮਾਜ ਸਥਾਪਿਤ ਕੀਤਾ।