UK News

ਯੂਕੇ: ਹਜ਼ਾਰਾਂ ਸ਼ਰਨਾਰਥੀ ਕਰ ਰਹੇ ਹਨ ਇੰਗਲਿਸ਼ ਚੈਨਲ ਪਾਰ ਕਰਨ ਦੀ ਉਡੀਕ

ਗਲਾਸਗੋ/ਲੰਡਨ : ਇਸ ਸਾਲ ਫਰਾਂਸ ਰਾਹੀ ਗੈਰਕਾਨੂੰਨੀ ਤਰੀਕੇ ਨਾਲ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਪਨਾਹ ਲੈਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸਦੇ ਇਲਾਵਾ ਹੋਮ ਆਫਿਸ ਅਨੁਸਾਰ ਛੋਟੀਆਂ ਕਿਸ਼ਤੀਆਂ ਰਾਹੀਂ ਰਿਕਾਰਡ ਆਮਦ ਹੋਈ ਹੈ ਤੇ ਹਜ਼ਾਰਾਂ ਪਨਾਹ ਲੈਣ ਵਾਲੇ ਉੱਤਰੀ ਫਰਾਂਸ ਵਿੱਚ ਬ੍ਰਿਟੇਨ ਵਿੱਚ ਦਾਖਲ ਹੋਣ ਦੇ ਇੱਕ ਮੌਕੇ ਲਈ ਇੰਤਜ਼ਾਰ ਕਰ ਰਹੇ ਹਨ। 

 

ਇਸ ਸਬੰਧੀ ਗ੍ਰਹਿ ਦਫਤਰ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਘੱਟੋ ਘੱਟ 2000 ਪ੍ਰਵਾਸੀ ਕੈਲੇਜ਼ ਖੇਤਰ ਦੇ ਆਸ ਪਾਸ ਇਕੱਠੇ ਹੋ ਰਹੇ ਹਨ। ਅੰਕੜਿਆਂ ਅਨੁਸਾਰ ਯੂਕੇ ਵਿੱਚ ਪਨਾਹ ਦੀਆਂ ਦਰਖਾਸਤਾਂ ਘਟੀਆਂ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਛੋਟੀਆਂ ਕਿਸ਼ਤੀਆਂ ਨਾਲ ਚੈਨਲ ਪਾਰ ਕਰਨ ਵਿੱਚ ਨਾਟਕੀ ਵਾਧਾ ਹੋਇਆ ਹੈ।ਇਸ ਸਾਲ ਹੁਣ ਤੱਕ ਲਗਭਗ 9,000 ਪ੍ਰਵਾਸੀ ਇੰਗਲਿਸ਼ ਚੈਨਲ ਨੂੰ ਛੋਟੀਆਂ ਕਿਸ਼ਤੀਆਂ ਰਾਹੀਂ ਪਾਰ ਕਰ ਚੁੱਕੇ ਹਨ ਅਤੇ ਇਹ ਗਿਣਤੀ 2020 ਦੀਆਂ ਕੁੱਲ ਗਿਣਤੀ ਤੋਂ ਵੀ ਜ਼ਿਆਦਾ ਹੈ। 

 

ਜਦਕਿ ਲਗਭਗ 400 ਪਨਾਹਗੀਰਾਂ ਨੂੰ ਸਿਰਫ ਐਤਵਾਰ ਨੂੰ ਹੀ ਬ੍ਰਿਟਿਸ਼ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਇੰਗਲਿਸ਼ ਚੈਨਲ ਰਾਹੀਂ ਪ੍ਰਵਾਸੀਆਂ ਦੀ ਗਿਣਤੀ ਨਾਲ ਨਜਿੱਠਣ ਲਈ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਫਰਾਂਸ ਨਾਲ 54 ਮਿਲੀਅਨ ਪੌਂਡ ਦਾ ਸਮਝੌਤਾ ਕੀਤਾ ਹੈ, ਜਿਸ ਤਹਿਤ ਫ੍ਰੈਂਚ ਸਮੁੰਦਰੀ ਕੰਢੇ ‘ਤੇ ਗਸ਼ਤ ਕਰ ਰਹੇ ਪੁਲਸ ਅਧਿਕਾਰੀਆਂ ਦੀ ਗਿਣਤੀ ਨੂੰ ਦੁੱਗਣਾ ਕੀਤਾ ਜਾਵੇਗਾ।