UK News

ਯੂ. ਕੇ. : ਐੱਨ. ਐੱਚ. ਐੱਸ. ਦੇ ਸਾਬਕਾ ਮੈਨੇਜਰ ਨੇ ਕੀਤੀ ਲੱਖਾਂ ਪੌਂਡ ਦੀ ਧੋਖਾਧੜੀ, ਭੇਜਿਆ ਜੇਲ੍ਹ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਵਿੱਚ ਐੱਨ. ਐੱਚ. ਐੱਸ. (ਨੈਸ਼ਨਲ ਹੈਲਥ ਸਰਵਿਸਿਜ਼) ਦੇ ਇੱਕ ਸਾਬਕਾ ਮੈਨੇਜਰ ਨੂੰ  8 ਲੱਖ ਪੌਂਡ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ 53 ਸਾਲਾ ਬੈਰੀ ਸਟੈਨਾਰਡ ਨੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਦੋ ਕੰਪਨੀਆਂ ਵੱਲੋਂ ਮਿਡ ਐਸੈਕਸ ਹਸਪਤਾਲ ਟਰੱਸਟ ਨੂੰ ਸਾਮਾਨ ਦੀਆਂ ਨਕਲੀ ਲਿਸਟਾਂ ਭੇਜੀਆਂ, ਜਿੱਥੇ ਉਸ ਨੇ 2012 ਤੋਂ 2019 ਵਿਚਕਾਰ ਕੰਮ ਕੀਤਾ ਸੀ। ਬੈਰੀ ਨੂੰ 7,500 ਪੌਂਡ ਤੱਕ ਦੇ ਚਲਾਨਾਂ ਨੂੰ ਮਨਜ਼ੂਰੀ ਦੇਣ ਦਾ ਅਧਿਕਾਰ ਸੀ ਅਤੇ ਚੈਲਮਸਫੋਰਡ ਕ੍ਰਾਊਨ ਕੋਰਟ ਅਨੁਸਾਰ ਉਸ ਵੱਲੋਂ ਪੇਸ਼ ਸਾਰੀਆਂ ਲਿਸਟਾਂ ਇਸ ਰਾਸ਼ੀ ਤੋਂ ਘੱਟ ਸਨ।

ਸਟੈਨਾਰਡ ਨੇ ਇਸ ਧੋਖਾਧੜੀ ਨੂੰ ਮੰਨਿਆ ਹੈ, ਜਿਸ ਲਈ ਉਸ ਨੂੰ ਪੰਜ ਸਾਲ ਅਤੇ ਚਾਰ ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ ਹੈ। ਇਸ ਸਾਬਕਾ ਆਈ. ਟੀ. ਮੈਨੇਜਰ ਨੇ ਵੀ ਵੈਟ ਨਾਲ ਜੁੜੇ ਜਨਤਕ ਮਾਲੀਏ ਨਾਲ ਧੋਖਾਧੜੀ ਵੀ ਮੰਨੀ ਹੈ, ਜਿਸ ਤਹਿਤ ਉਸ ਦੀਆਂ ਕੰਪਨੀਆਂ ਦਾ ਵੈਟ ਰਜਿਸਟਰਡ ਨਾ ਹੋਣ ਦੇ ਬਾਵਜੂਦ ਐੱਨ. ਐੱਚ. ਐੱਸ. ਤੋਂ ਵਸੂਲੀ ਕੀਤੀ ਗਈ ਹੈ। ਇਹ ਕੰਪਨੀਆਂ ਐੱਨ. ਐੱਚ. ਐੱਸ. ਨੂੰ ਸਮਾਨ ਦੇ ਸਪਲਾਇਰ ਵਜੋਂ ਸਥਾਪਿਤ ਕੀਤੀਆਂ ਗਈਆਂ ਸਨ। ਗਲਤ ਢੰਗ ਨਾਲ ਐੱਨ. ਐੱਚ. ਐੱਸ. ਤੋਂ ਚਾਰਜ ਕੀਤੇ ਗਏ ਵੈਟ ਦੀ ਕੀਮਤ 132,000 ਪੌਂਡ ਤੋਂ ਵੱਧ ਹੈ ਅਤੇ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਬੈਰੀ ਦੋਵਾਂ ਕੰਪਨੀਆਂ ਦਾ ਡਾਇਰੈਕਟਰ ਸੀ ਅਤੇ ਖੁਦ ਚਲਾਨਾਂ ਨੂੰ ਮਨਜ਼ੂਰੀ ਦੇ ਰਿਹਾ ਸੀ। ਬੈਰੀ ਨੂੰ ਸਤੰਬਰ 2019 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।