UK News

ਯੂ. ਕੇ. ਗਰੀਬ ਦੇਸ਼ਾਂ ਨੂੰ ਦੇਵੇਗਾ ਕੋਰੋਨਾ ਰੋਕੂ ਵੈਕਸੀਨ ਦੀਆਂ 30 ਮਿਲੀਅਨ ਖੁਰਾਕਾਂ

ਗਲਾਸਗੋ/ਲੰਡਨ –ਦੁਨੀਆ ਭਰ ਦੇ ਵਿਕਸਿਤ ਦੇਸ਼ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵਚਨਬੱਧ ਹਨ, ਜਿਸ ਦੇ ਅਧੀਨ ਕੋਰੋਨਾ ਰੋਕੂ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਗਰੀਬ ਦੇਸ਼ਾਂ ਨੂੰ ਇਨ੍ਹਾਂ ਦੇਸ਼ਾਂ ਵੱਲੋਂ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਯੂ. ਕੇ. ਵੀ ਇਸ ਲੜੀ ਦਾ ਹਿੱਸਾ ਹੈ, ਜਿਸ ਵੱਲੋਂ ਗਰੀਬ ਦੇਸ਼ਾਂ ਨੂੰ ਸਾਲ ਦੇ ਅੰਤ ਤੱਕ 30 ਮਿਲੀਅਨ ਕੋਰੋਨਾ ਰੋਕੂ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ’ਚੋਂ ਸਤੰਬਰ ਤੱਕ ਪੰਜ ਮਿਲੀਅਨ ਦੀ ਸਪੁਰਦਗੀ ਕੀਤੀ ਜਾਵੇਗੀ।

 

ਇਸ ਤੋਂ ਇਲਾਵਾ ਕਾਰਨਵਾਲ ’ਚ ਜੀ-7 ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਅਗਲੇ ਸਾਲ ਦੇ ਅੰਦਰ ਹੋਰ 70 ਮਿਲੀਅਨ ਖੁਰਾਕਾਂ ਨੂੰ ਜਾਰੀ ਕਰਨ ਦਾ ਵਾਅਦਾ ਵੀ ਕਰਨਗੇ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਹੋਰ ਗਲੋਬਲ ਸੰਗਠਨਾਂ ਵੱਲੋਂ ਅਮੀਰ ਦੇਸ਼ਾਂ ਨੂੰ ਮਹਾਮਾਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵੈਕਸੀਨ ਵੰਡਣ ਦੀ ਬੇਨਤੀ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ।

 

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਅਗਲੇ ਸਾਲ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਚ ਫਾਈਜ਼ਰ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਦਾਨ ਕਰਨ ਦੀ ਗੱਲ ਕਹੀ ਹੈ। ਕਾਰਨਵਾਲ ’ਚ ਜੀ-7 ਨੇਤਾਵਾਂ ਵੱਲੋਂ ਵੀ ਘੱਟੋ-ਘੱਟ 1 ਬਿਲੀਅਨ ਕੋਰੋਨਾ ਟੀਕੇ ਦੀਆਂ ਖੁਰਾਕਾਂ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਦੀ ਉਮੀਦ ਹੈ।