UK News

ਯੂ. ਕੇ. ’ਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਟੀਕਾਕਰਨ ’ਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਵੈਕਸੀਨ ਮੰਤਰੀ ਨਾਧਿਮ ਜ਼ਹਾਵੀ ਨੇ ਟੀਕਾਕਰਨ ਮੁਹਿੰਮ ਨੂੰ ਸਫਲ ਕਰਨ ਲਈ ਲੋਕਾਂ ਦੇ ਹੁੰਗਾਰੇ ਦੀ ਸ਼ਲਾਘਾ ਕਰਨ ਦੇ ਨਾਲ ਹੋਰਨਾਂ ਨੂੰ ਅੱਗੇ ਆ ਕੇ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।

 

ਕੋਰੋਨਾ ਟੀਕਾਕਰਨ ਦੇ ਅੰਕੜਿਆਂ ਅਨੁਸਾਰ ਯੂ. ਕੇ. ਭਰ ਦੀਆਂ ਸਿਹਤ ਸੇਵਾਵਾਂ ਨੇ 8 ਦਸੰਬਰ ਤੋਂ 15 ਮਈ ਦਰਮਿਆਨ ਕੁੱਲ 56,677,012 ਟੀਕੇ ਲਗਾਏ ਹਨ, ਜਿਨ੍ਹਾਂ ’ਚ ਤਕਰੀਬਨ  36,573,354 ਪਹਿਲੀਆਂ ਖੁਰਾਕਾਂ (ਬਾਲਗ ਆਬਾਦੀ ਦਾ 69.4 ਫੀਸਦੀ) ਅਤੇ ਲੱਗਭਗ 20,103,658 ਦੂਸਰੀਆਂ ਖੁਰਾਕਾਂ (38.2 ਪ੍ਰਤੀਸ਼ਤ) ਸ਼ਾਮਿਲ ਹਨ। ਇਨ੍ਹਾਂ ਖੁਰਾਕਾਂ ’ਚ ਸ਼ਨੀਵਾਰ ਨੂੰ ਦਿੱਤੀਆਂ ਗਈਆਂ 2,37,331 ਪਹਿਲੀਆਂ ਅਤੇ 391,246 ਦੂਜੀਆਂ ਖੁਰਾਕਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐੱਨ. ਐੱਚ. ਐੱਸ. ਸਮਾਰਟਫੋਨ ਐਪ ਨੇ ਪਹਿਲੀ ਵਾਰ ਵਿਅਕਤੀਆਂ ਦੇ ਟੀਕੇ ਦੀ ਸਥਿਤੀ ਨੂੰ ਰਿਕਾਰਡ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਇਹ ਕਦਮ ਭਵਿੱਖ ’ਚ ਯਾਤਰਾ ਲਈ ਟੀਕਾਕਰਨ ਦੇ ਪ੍ਰਮਾਣ ਲਈ ਜ਼ਰੂਰੀ ਹੋਵੇਗਾ।