UK News

ਯੂ. ਕੇ. ਨੇ ਕੋਰੋਨਾ ਪ੍ਰਤੀ ਚੇਤਾਵਨੀ ਦੇ ਪੱਧਰ ਨੂੰ ਕੀਤਾ ਘੱਟ, ਖੜਕਣਗੇ ਜਾਮ ਤੇ ਪੈਣਗੀਆਂ ਗਲਵੱਕੜੀਆਂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਕੋਰੋਨਾ ਵਾਇਰਸ ਦੀ ਲਾਗ ਦੇ ਘਟ ਰਹੇ ਮਾਮਲਿਆਂ ਅਤੇ ਚੱਲ ਰਹੀ ਟੀਕਾਕਰਨ ਪ੍ਰਕਿਰਿਆ ਅਧੀਨ ਵਾਇਰਸ ਪ੍ਰਤੀ ਚੇਤਾਵਨੀ ਪੱਧਰ ਨੂੰ ਘੱਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਉਣ ਵਾਲੇ ਸੋਮਵਾਰ ਨੂੰ ਤਾਲਾਬੰਦੀ ਨੂੰ ਸੌਖਾ ਕਰਨ ਦੇ ਅਗਲੇ ਪੜਾਅ ਨੂੰ ਸ਼ੁਰੂ ਕਰਨਗੇ, ਜਿਸ ’ਚ ਸਾਵਧਾਨੀ ਤਹਿਤ ਗਲਵੱਕੜੀ ਪਾਉਣ ਨੂੰ ਹਰੀ ਝੰਡੀ ਮਿਲੇਗੀ ਅਤੇ ਮਹੀਨਿਆਂ ਦੀਆਂ ਸਖਤ ਪਾਬੰਦੀਆਂ ਤੋਂ ਬਾਅਦ ਪੱਬਾਂ ਅੰਦਰ ਸ਼ਰਾਬ ਵੀ ਪਰੋਸੀ ਜਾਵੇਗੀ। ਤਾਲਾਬੰਦੀ ’ਚ ਪੜਾਅਵਾਰ ਦਿੱਤੀ ਜਾਣ ਵਾਲੀ ਢਿੱਲ ਦਾ ਅਗਲਾ ਪੜਾਅ 17 ਮਈ ਤੋਂ ਸ਼ੁਰੂ ਹੋਵੇਗਾ।

 

ਇਸ ਢਿੱਲ ਬਾਰੇ ਸਰਕਾਰ ਵੱਲੋਂ ਕਦਮ ਦੇਸ਼ ਦੇ ਮੁੱਖ ਮੈਡੀਕਲ ਅਫਸਰਾਂ ਵੱਲੋਂ ਕੋਵਿਡ ਚੇਤਾਵਨੀ ਦੇ ਪੱਧਰ ਨੂੰ ਘਟਾਉਣ ਤੋਂ ਬਾਅਦ ਪੁੱਟਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਮਹਾਮਾਰੀ ਹੁਣ ਆਮ ਤੌਰ ’ਤੇ ਚਲ ਰਹੀ ਹੈ ਪਰ ਇਸ ਦਾ ਫੈਲਾਅ ਥੰਮ੍ਹ ਰਿਹਾ ਹੈ। ਸਰਕਾਰ ਵੱਲੋਂ ਪਿਛਲੇ ਸਾਲ ਜਾਨਲੇਵਾ ਵਾਇਰਸ ਦੀ ਲਾਗ ਨੂੰ ਕੰਟਰੋਲ ’ਚ ਰੱਖਣ ਲਈ ਪੰਜ-ਪੱਧਰੀ ਚੇਤਾਵਨੀ ਪ੍ਰਣਾਲੀ ਤਿਆਰ ਕੀਤੀ ਗਈ ਸੀ। ਯੂ. ਕੇ. ਦੇ ਮੈਡੀਕਲ ਮਾਹਿਰਾਂ ਦੇ ਅਨੁਸਾਰ ਦੇਸ਼ ’ਚ ਸਮਾਜਿਕ ਦੂਰੀ ਅਤੇ ਤੇਜ਼ੀ ਨਾਲ ਸ਼ੁਰੂ ਹੋਏ ਟੀਕਾਕਰਨ ਨੇ ਕੋਵਿਡ ਕੇਸਾਂ ਅਤੇ ਰੋਜ਼ਾਨਾ ਦੀਆਂ ਮੌਤਾਂ ਨੂੰ ਤੇਜ਼ੀ ਨਾਲ ਹੇਠਾਂ ਲਿਆਉਣ ’ਚ ਮੱਦਦ ਕੀਤੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਸਰਕਾਰ ਵੱਲੋਂ 17 ਮਈ ਤੋਂ ਲੋਕਾਂ ਨੂੰ ਮਹੀਨਿਆਂ ਬਾਅਦ ਪਹਿਲੀ ਵਾਰ ਘਰ ਦੇ ਅੰਦਰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੱਬ, ਕੈਫੇ ਅਤੇ ਰੈਸਟੋਰੈਂਟ ਗਾਹਕਾਂ ਨੂੰ ਅੰਦਰ ਬਿਠਾ ਕੇ ਮੇਜ਼ਬਾਨੀ ਕਰਨ ਦੇ ਯੋਗ ਹੋ ਜਾਣਗੇ।