India News

ਰਾਜਪਾਲ ਆਰਿਫ ਮੁਹੰਮਦ ਖਾਨ ਬੋਲੇ- ‘ਡਰੱਗਜ਼ ਦੀ ਰਾਜਧਾਨੀ’ ਵਜੋਂ ਪੰਜਾਬ ਦੀ ਥਾਂ ਲੈ ਰਿਹਾ ਕੇਰਲ

ਕੋਚੀ – ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਤੇਜ਼ੀ ਨਾਲ ‘ਡਰੱਗ ਕੈਪੀਟਲ’ ਵਜੋਂ ਪੰਜਾਬ ਦੀ ਥਾਂ ਲੈਂਦਾ ਜਾ ਰਿਹਾ ਹੈ ਅਤੇ ਇਸ ’ਤੇ ਸ਼ਰਮਿੰਦਗੀ ਜਤਾਈ ਕਿ ਲਾਟਰੀ ਅਤੇ ਸ਼ਰਾਬ ਇਸ ਦੱਖਣ ਭਾਰਤੀ ਸੂਬੇ ’ਚ ਮਾਲੀਆ ਦੇ ਮੁੱਖ ਸ੍ਰੋਤ ਬਣ ਗਏ ਹਨ। ਯੂਨੀਵਰਸਿਟੀਆਂ ’ਚ ਨਿਯੁਕਤੀਆਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖੱਬੇਪੱਖੀ ਸਰਕਾਰ ਨਾਲ ਟਕਰਾਅ ’ਚ ਫਸੇ ਖਾਨ ਨੇ ਕਿਹਾ ਕਿ ਅਜਿਹੇ ’ਚ ਜਦੋਂਕਿ ਸਾਰੇ ਲੋਕ ਸ਼ਰਾਬ ਦੇ ਵਿਰੁੱਧ ਮੁਹਿੰਮ ਚਲਾ ਰਹੇ ਹਨ ਪਰ ਕੇਰਲ ਇਸ ਦੀ ਵਰਤੋਂ ਨੂੰ ਉਤਸ਼ਾਹ ਦੇ ਰਿਹਾ ਹੈ।

ਉਨ੍ਹਾਂ ਕਿਹਾ, ‘ਇੱਥੇ ਅਸੀਂ ਤੈਅ ਕਰ ਲਿਆ ਹੈ ਕਿ ਲਾਟਰੀ ਅਤੇ ਸ਼ਰਾਬ ਸਾਡੇ ਵਿਕਾਸ ਲਈ ਲੋੜੀਂਦੇ ਹਨ। 100 ਫੀਸਦੀ ਸਾਖਰਤਾ ਵਾਲੇ ਸੂਬੇ ਲਈ ਇਹ ਕਿੰਨੀ ਸ਼ਰਮ ਦੀ ਗੱਲ ਹੈ। ਸੂਬੇ ਦਾ ਮੁਖੀ ਹੋਣ ਦੇ ਨਾਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਮੇਰੇ ਸੂਬੇ ਵਿਚ ਮਾਲੀਏ ਦੇ ਦੋ ਮੁੱਖ ਸ੍ਰੋਤ ਲਾਟਰੀ ਅਤੇ ਸ਼ਰਾਬ ਹਨ। ਲਾਟਰੀ ਕੀ ਹੈ? ਇੱਥੇ ਬੈਠੇ ਤੁਹਾਡੇ ’ਚੋਂ ਕਦੇ ਕਿਸੇ ਨੇ ਲਾਟਰੀ ਦੀ ਟਿਕਟ ਖਰੀਦੀ ਹੈ। ਸਿਰਫ ਬੇਹੱਦ ਗਰੀਬ ਲੋਕ ਹੀ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ। ਤੁਸੀਂ ਉਨ੍ਹਾਂ ਨੂੰ ਲੁੱਟ ਰਹੇ ਹੋ। ਤੁਸੀਂ ਸਾਡੇ ਲੋਕਾਂ ਨੂੰ ਸ਼ਰਾਬ ਦੇ ਆਦੀ ਬਣਾ ਰਹੇ ਹੋ।’

 ਇੱਥੇ ਇਕ ਕਿਤਾਬ ਲਾਂਚ ਸਮਾਰੋਹ ਵਿਚ ਆਰਿਫ ਖਾਨ ਨੇ ਕਿਹਾ ਕਿ ਕੇਰਲ ਡਰੱਗਜ਼ ਦੀ ਰਾਜਧਾਨੀ’ ਵਜੋਂ ਪੰਜਾਬ ਦੀ ਥਾਂ ਲੈ ਰਿਹਾ ਹੈ ਕਿਉਂਕਿ ਸੂਬੇ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹ ਦੇ ਰਿਹਾ ਹੈ।  ਜ਼ਿਕਰਯੋਗ ਹੈ ਕਿ ਕੇਰਲ ਦੇ ਰਾਜਪਾਲ ਅਤੇ ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵਿਚਾਲੇ ਸਤੰਬਰ ਵਿਚ ਵੀ ਸ਼ਰਾਬ ਅਤੇ ਲਾਟਰੀ ਜੇ ਮਾਲੀਏ ਦਾ ਮੁੱਖ ਸਰੋਤ ਬਣਨ ਨੂੰ ਲੈ ਕੇ ਬੋਲ- ਬੁਲਾਰਾ ਹੋਇਆ ਸੀ। ਖਾਨ ਨੇ ਖੱਬੇਪੱਖੀ ਸਰਕਾਰ ਦੀ ਵੀ ਕਾਫੀ ਆਲੋਚਨਾ ਵੀ ਕੀਤੀ ਸੀ।