India News

ਰਾਮਦੇਵ ਨੇ ‘ਐਲੋਪੈਥੀ’ ਬਾਰੇ ਵਿਵਾਦਿਤ ਬਿਆਨ ਲਈ ਮੁਆਫ਼ੀ ਮੰਗੀ

ਨਵੀਂ ਦਿੱਲੀ, 24 ਮਈ

ਯੋਗ ਗੁਰੂ ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ਬਾਰੇ ਆਪਣੇ ਵਿਵਾਦਿਤ ਬਿਆਨ ਲਈ ਦੇਰ ਰਾਤ ਮੁਆਫ਼ੀ ਮੰਗਦਿਆਂ ਇਸ ਨੂੰ ਵਾਪਸ ਲੈ ਲਿਆ ਹੈ। ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਜੇ ਫਿਰ ਵੀ ਕਿਸੇ ਨੂੰ ਇਸ ਨਾਲ ਸੱਟ ਵੱਜੀ ਹੋਵੇ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਰਾਮਦੇਵ ਨੇ ਕਿਹਾ ਕਿ ਮੁਆਫ਼ੀ ਮੰਗੇ ਜਾਣ ਨਾਲ ਹੁਣ ਇਸ ਮੁੱਦੇ ’ਤੇ ਵਿਰਾਮ ਲੱਗ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਲੋਪੈਥੀ (ਅੰਗਰੇਜ਼ੀ ਚਕਿੱਤਸਾ ਪ੍ਰਣਾਲੀ) ਦਵਾਈਆਂ ਬਾਰੇ ਯੋਗ ਗੁਰੂ ਰਾਮਦੇਵ ਵੱਲੋਂ ਦਿੱਤੇ ਬਿਆਨ ਨੂੰ ‘ਬੇਹੱਦ ਮੰਦਭਾਗਾ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਮਦੇਵ ਦਾ ਬਿਆਨ ਕਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ ਹੈ। ਹਰਸ਼ਵਰਧਨ ਨੇ ਇਕ ਪੱਤਰ ਲਿਖ ਕੇ ਰਾਮਦੇਵ ਨੂੰ ਆਪਣਾ ਵਿਵਾਦਿਤ ਬਿਆਨ ਵਾਪਸ ਲੈਣ ਲਈ ਆਖਿਆ ਸੀ। ਕੇਂਦਰੀ ਸਿਹਤ ਮੰਤਰੀ ਨੇ ਕਿਹਾ, ‘ਤੁਹਾਡਾ ਬਿਆਨ ਕਰੋਨਾ ਯੋਧਿਆਂ ਦਾ ਨਿਰਾਦਰ ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਸੱਟ ਮਾਰਦਾ ਹੈ। ਤੁਹਾਡਾ ਇਹ ਬਿਆਨ ਸਿਹਤ ਕਰਮੀਆਂ ਦੇ ਮਨੋਬਲ ਨੂੰ ਡੇਗ ਸਕਦਾ ਹੈ। ਇਸ ਨਾਲ ਕੋਵਿਡ-19 ਖ਼ਿਲਾਫ਼ ਲੜਾਈ ਕਮਜ਼ੋਰ ਹੋ ਸਕਦੀ ਹੈ।’