India News

ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ’ਤੇ ਸੁਪਰੀਮ ਕੋਰਟ ’ਚ ਮੰਗੀ ਬਿਨਾ ਸ਼ਰਤ ਰਸਮੀ ਮਾਫ਼ੀ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ’ਚ ਰਾਫ਼ੇਲ ਮਾਮਲੇ ’ਤੇ ਆਪਣੇ ਸਿਆਸੀ ਨਾਅਰੇ ‘ਚੌਕੀਦਾਰ ਚੋਰ ਹੈ’ ਦੇ ਮਾਮਲੇ ਵਿੱਚ ਬਿਨਾ ਸ਼ਰਤ ਰਸਮੀ ਮਾਫ਼ੀ ਮੰਗ ਲਈ ਹੈ। ਸ੍ਰੀ ਰਾਹੁਲ ਨੇ ਆਪਣੇ ਤਿੰਨ ਪੰਨਿਆਂ ਦੇ ਮਾਫ਼ੀਨਾਮੇ ਵਿੱਚ ਦੇਸ਼ ਦੀ ਸਰਬਉੱਚ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਵਾਪਸ ਲਈ ਜਾਵੇ। ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਰਨੀ ਹੈ।

ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਦਾ ਮਾਮਲਾ ਭਾਰਤੀ ਜਨਤਾ ਪਾਰਟੀ ਦੇ ਆਗੂ ਮੀਨਾਕਸ਼ੀ ਲੇਖੀ ਨੇ ਦਾਇਰ ਕਰਵਾਇਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਰਾਫ਼ੇਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਵੀ ਨਹੀਂ ਸੁਣਾਇਆ ਪਰ ਇਹ ਨਾਅਰਾ ਪਹਿਲਾਂ ਹੀ ਫੈਲਾਉਣਾ ਗ਼ਲਤ ਹੈ।

ਸ੍ਰੀਮਤੀ ਲੇਖੀ ਨੇ ਅਦਾਲਤ ਨੂੰ ਸ੍ਰੀ ਰਾਹੁਲ ਗਾਂਧੀ ਵਿਰੁੱਧ ਅਪਰਾਧਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਉਣ ਲਈ ਕਿਹਾ ਸੀ ਕਿਉਂਕਿ ਦੋਸ਼ ਸੀ ਕਿ ਸ੍ਰੀ ਰਾਹੁਲ ਨੇ ਬੀਤੀ 10 ਅਪ੍ਰੈਲ ਨੂੰ ਦਿੱਤੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਸੀ।

ਸ੍ਰੀ ਰਾਹੁਲ ਨੇ ਦਾਅਵਾ ਕੀਤਾ ਸੀ ਕਿ ਅਦਾਲਤ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਹਵਾਈ ਜਹਾਜ਼ ਖ਼ਰੀਦ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ੀ ਐਲਾਨਿਆ ਹੈ।