India News

ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ- ਭਾਰਤ ਨੇ ਰੂਸ ’ਚ ਇਕ ਸਰਕਾਰੀ ਯੂਨੀਵਰਸਿਟੀ ’ਚ ‘ਭਿਆਨਕ ਹਮਲੇ’ ’ਚ ਮਾਰੇ ਗਏ ਲੋਕਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਮਾਸਕੋ ’ਚ ਭਾਰਤੀ ਦੂਤਘਰ ਅਨੁਸਾਰ ਉੱਥੇ ਪੜ੍ਹਨ ਵਾਲੇ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਰਮ ਸਟੇਟ ਮੈਡੀਕਲ ਯੂਨੀਵਰਸਿਟੀ ’ਚ ਸਵੇਰ ਦੀ ਘਟਨਾ ’ਤੇ ਮਾਸਕੋ ’ਚ ਭਾਰਤ ਦੇ ਦੂਤਘਰ ਦੇ ਟਵਿੱਟਰ ਸੰਦੇਸ਼ ਨੂੰ ਆਪਣੇ ਵੱਲੋਂ ਵੀ ਜਾਰੀ ਕੀਤਾ, ਜਿਸ ’ਚ ਕਿਹਾ ਹੈ ਕਿ ਉੱਥੇ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ। ਦੂਤਘਰ ਨੇ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਅਤੇ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਸੰਪਰਕ ’ਚ ਹੈ।

ਟਵੀਟ ’ਚ ਕਿਹਾ ਗਿਆ ਹੈ,‘‘ਅਸੀਂ ਰੂਸ ’ਚ ਪਰਮ ਸਟੇਟ ਯੂਨੀਵਰਸਿਟੀ ’ਚ ਭਿਆਨਕ ਹਮਲੇ ਤੋਂ ਹੈਰਾਨ ਹਾਂ। ਲੋਕਾਂ ਦੀ ਮੌਤ ’ਤੇ ਅਸੀਂ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ।’’ ਟਵੀਟ ’ਚ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ ਸਥਾਨਕ ਅਧਿਕਾਰੀਆਂ ਅਤੇ ਉੱਥੇ ਭਾਰਤੀ ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਨਾਲ ਬਰਾਬਰ ਸੰਪਰਕ ’ਚ ਹੈ। ਦੂਤਘਰ ਨੇ ਕਿਹਾ ਹੈ,‘‘ਪਰਮ ਸਟੇਟ ਮੈਡੀਕਲ ਯੂਨੀਵਰਸਿਟੀ ’ਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਸੁਰੱਖਿਅਤ ਹਨ।’’ ਰੂਸ ਤੋਂ ਆ ਰਹੀ ਰਿਪੋਰਟ ’ਚ ਪਰਮ ਸ਼ਹਿਰ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਕ ਬੰਦੂਕਧਾਰੀ ਨੇ ਸੋਮਵਾਰ ਸਵੇਰੇ ਉੱਥੇ ਯੂਨੀਵਰਸਿਟੀ ’ਚ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ’ਚ ਘੱਟੋ-ਘੱਟ 8 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਘਟਨਾ ਦੇ ਵੀਡੀਓ ਫੁਟੇਜ ’ਚ ਹਮਲੇ ਦੇ ਸਮੇਂ ਕੁਝ ਲੋਕਾਂ ਨੂੰ ਜਾਨ ਬਚਾਉਣ ਲਈ ਯੂਨੀਵਰਸਿਟੀ ਭਵਨ ਦੀਆਂ ਖਿੜਕੀਆਂ ਤੋਂ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ।