World

ਰੈਫਰੈਂਡਮ 2020 ਦਾ ਯੂ.ਕੇ. ‘ਚ ਬਾਈਕਾਟ ਸ਼ੁਰੂ

ਲੰਡਨ— ਰੈਫਰੈਂਡਮ 2020 ਨੂੰ ਲੈ ਕੇ ਲੰਡਨ ‘ਚ ਹੋ ਰਹੀਆਂ ਰੈਲੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਯੂ.ਕੇ. ਨਾਲ ਸਬੰਧਤ ਕਈ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਰੈਲੀ ਸਿੱਖ ਭਾਈਚਾਰੇ ਨੂੰ ਵੰਡਣ ਵਾਲੀ ਹੈ। ਇਹ ਹੀ ਨਹੀਂ ਯੂ.ਕੇ. ਸਿੱਖ ਥਿੰਕ ਟੈਂਕ ਨੇ ਇਸ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਸਿੱਖ ਫਾਰ ਜਸਟਿਸ ਵਲੋਂ ਸਿੱਖ ਰੈਫਰੈਂਡਮ 2020 ਦਾ ਮੁੱਦਾ ਚੁੱਕਿਆ ਗਿਆ ਹੈ ਤੇ ਇਸ ‘ਚ ਹਿੱਸਾ ਲੈਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਵੀਜ਼ਾ ਦੀ ਸਪਾਂਸਰਸ਼ਿਪ ਤੱਕ ਦੀ ਪੇਸ਼ਕਸ਼ ਕੀਤੀ ਗਈ ਹੈ। ਯੂ.ਕੇ. ਦੀ ਨੈਸ਼ਨਲ ਕਾਊਂਸਲਿੰਗ ਆਫ ਸਿੱਖ ਦੇ ਕੋ-ਆਰਡੀਨੇਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਵਿਦੇਸ਼ ‘ਚ ਰਹਿੰਦੇ ਜ਼ਿਆਦਾਤਰ ਸਿੱਖ ਖਾਸ ਕਰਕੇ ਪੰਜਾਬ ਦੇ ਲਈ ਚੰਗੀ ਸੋਚ ਰੱਖਦੇ ਹਨ ਤੇ ਇਥੇ ਰਹਿ ਕੇ ਆਪਣੇ ਕੰਮ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਹੋਰ ਸਿੱਖ ਸੰਸਥਾਵਾਂ ਦੇ ਵੀ ਸੰਪਰਕ ‘ਚ ਹੈ ਤੇ ਲੰਡਨ ਇਵੈਂਟ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਜਾਵੇਗਾ।
ਅਸੀਂ ਦੇਸ਼ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਾਂ : ਸੇਖੋਂ
ਸ਼ਰਨਬਰੂਕ ਕਾਊਂਸਲਿੰਗ ਦੇ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਇਹ ਮੰਦਭਾਗਾ ਹੈ ਕਿ ਸਾਡੇ ਭਾਈਚਾਰੇ ਨਾਲ ਸਬੰਧਤ ਵਿਦੇਸ਼ ‘ਚ ਰਹਿੰਦੇ ਕੁਝ ਤੱਤ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਸਾਡੇ ਗੁਰੂਆਂ ਨੇ ਵਿਦੇਸ਼ੀ ਤਾਕਤਾਂ ਦੇ ਨਾਲ ਦੇਸ਼ ਦੀ ਏਕਤਾ ਦੀ ਲੜਾਈ ਲੜੀ ਸੀ ਨਾ ਕਿ ਵੰਡਣ ਦੀ। ਸੇਖੋਂ ਜੋ ਕਿ ਇਕ ਐੱਨ.ਜੀ.ਓ. ਸੇਵਾ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸਿੱਖ ਹਮੇਸ਼ਾ ਦੇਸ਼ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਵੰਡਣ ਵਾਲੇ ਕਦੇ ਵੀ ਆਪਣੇ ਇਰਾਦਿਆਂ ‘ਚ ਸਫਲ ਨਹੀਂ ਹੋਣਗੇ।
2 ਫੀਸਦੀ ਤੱਤ ਦੇਸ਼ ਨੂੰ ਵੰਡਣਾ ਚਾਹੁੰਦੇ ਹਨ: ਗਿੱਲ
ਗੁਰੂਦੁਆਰਾ ਗੁਰੂ ਨਾਨਕ, ਬੈਡਫੋਰਡ ਦੇ ਟਰੱਸਟੀ ਸੁਖਪਾਲ ਸਿੱਖ ਗਿੱਲ ਨੇ ਕਿਹਾ ਕਿ ਰੈਫਰੈਂਡਮ 2020 ਕੁਝ ਤੱਤਾਂ ਦੀ ਸੋਚ ਹੈ, ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਕੇ. ਦੇ 98 ਫੀਸਦੀ ਸਿੱਖ ਆਪਣੇ ਦੇਸ਼ ਪ੍ਰਤੀ ਚੰਗੀ ਸੋਚ ਰੱਖਦੇ ਹਨ, ਸਿਰਫ 2 ਫੀਸਦੀ ਹੀ ਅਜਿਹੇ ਤੱਤ ਹਨ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂਦੁਆਰਾ ਸਭਾ ਕਦੇ ਵੀ ਅਜਿਹੀ ਕਾਲ ਦਾ ਸਮਰਥਨ ਨਹੀਂ ਕਰਦੀ। ਉਥੇ ਹੀ ਯੂ.ਕੇ. ਬੇਸਡ ਸਿੱਖ ਭਾਈਚਾਰੇ ਦੇ ਇਕ ਵੱਡੇ ਵਪਾਰੀ ਰਮੀ ਰੇਂਜਰ ਦਾ ਕਹਿਣਾ ਹੈ ਕਿ ਕੁਝ ਤੱਤ ਸਿੱਖ ਭਾਈਚਾਰੇ ਨੂੰ ਭਟਕਾ ਰਹੇ ਹਨ ਪਰ ਕਦੇ ਜਿੱਤਦੇ ਨਹੀਂ ਹਨ।