Punjab News

ਲਖਨਊ ਹਵਾਈ ਅੱਡੇ ’ਤੇ ਧਰਨੇ ’ਤੇ ਬੈਠੇ ਰਾਹੁਲ ਗਾਂਧੀ, CM ਚਰਨਜੀਤ ਚੰਨੀ ਅਤੇ ਭੂਪੇਸ਼ ਬਘੇਲ ਵੀ ਮੌਜੂਦ

ਲਖਨਊ— ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਮਗਰੋਂ ਲਖਨਊ ਪੁੱਜੇ ਹਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਹਨ। ਰਾਹੁਲ ਗਾਂਧੀ ਕਾਂਗਰਸ ਨੇਤਾਵਾਂ ਨਾਲ ਲਖਨਊ ਹਵਾਈ ਅੱਡੇ ’ਤੇ ਮੌਜੂਦ ਹਨ ਅਤੇ ਧਰਨੇ ’ਤੇ ਬੈਠ ਗਏ ਹਨ। ਰਾਹੁਲ ਨੇ ਕਿਹਾ ਕਿ ਉਹ ਆਪਣੀ ਗੱਡੀ ਤੋਂ ਲਖੀਮਪੁਰ ਖੀਰੀ ਜਾਣਾ ਚਾਹੁੰਦੇ ਹਨ ਪਰ ਪੁਲਸ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਗੱਡੀ ’ਚ ਜਾਈਏ। ਦੇਸ਼ ਦਾ ਨਾਗਰਿਕ ਹਾਂ, ਤੁਸੀਂ ਮੈਨੂੰ ਕਿਉਂ ਨਹੀਂ ਜਾਣ ਦੇ ਰਹੇ? ਪਹਿਲਾਂ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਡੀ ’ਚ ਜਾ ਸਕਦੇ ਹੋ, ਹੁਣ ਬੋਲ ਰਹੇ ਹਨ ਕਿ ਤੁਸੀਂ ਪੁਲਸ ਦੀ ਗੱਡੀ ’ਚ ਜਾਓਗੇ। ਰਾਹੁਲ ਨੇ ਯੋਗੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ਕਿਵੇਂ ਦੀ ਇਜਾਜ਼ਤ ਹੈ? 

 

ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਿਕਲਣ ਨਹੀਂ ਦੇਣਗੇ ਤਾਂ ਹਵਾਈ ਅੱਡੇ ’ਤੇ ਧਰਨੇ ਤੋਂ ਨਹੀਂ ਹਟਣਗੇ। ਚਾਹੇ ਇਕ ਦਿਨ, 15 ਦਿਨ ਹੋ ਜਾਣ। ਰਾਹੁਲ ਨੇ ਕਿਹਾ ਕਿ ਸਰਕਾਰ ਕੁਝ ਬਦਮਾਸ਼ੀ ਕਰਨਾ ਚਾਹੁੰਦੀ ਹੈ, ਮੈਨੂੰ ਨਹੀਂ ਪਤਾ ਕੀ ਪਰ ਇਨ੍ਹਾਂ ਦਾ ਕੁਝ ਪਲਾਨ ਹੈ। ਇਹ ਮੈਨੂੰ ਕੈਦੀ ਵਾਂਗ ਪੁਲਸ ਦੀ ਗੱਡੀ ਵਿਚ ਲੈ ਕੇ ਜਾਣਾ ਚਾਹੁੰਦੇ ਹਨ। ਦੱਸ ਦੇਈਏ ਕਿ ਲਖੀਮਪੁਰ ਹਿੰਸਾ ’ਚ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ ਅਤੇ ਭੂਪੇਸ਼ ਬਘੇਲ ਜਾਣਗੇ। 

 

ਦਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਕ ਪਾਰਟੀ ਤੋਂ ਸਿਰਫ਼ 5-5 ਨੇਤਾਵਾਂ ਦਾ ਵਫ਼ਦ ਹੀ ਲਖੀਮਪੁਰ ਜਾ ਸਕੇਗਾ।